ਜੋਗਿੰਦਰ ਸਿੰਘ ਮਾਨ
ਮਾਨਸਾ, 10 ਜੁਲਾਈ
ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਡੇਲੂਆਣਾ ਦੇ ਅਧਿਆਪਕਾਂ ਦੀ ਮਿਹਨਤ ਨੂੰ ਰੰਗ ਭਾਗ ਲੱਗੇ ਨੇ, ਹੁਣ ਇਹ ਸਕੂਲ ਪੰਜਾਬ ਦੇ ਉਨਾਂ ਗਿਣਵੇਂ ਸਕੂਲਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿਥੋਂ ਦੇ ਇਕੋ ਸਕੂਲ ਦੇ ਪੰਜ ਵਿਦਿਆਰਥੀ ਨਵੋਦਿਆ ਲਈ ਚੁਣੇ ਗਏ ਹੋਣ। ਇਨ੍ਹਾਂ ਵਿਦਿਆਰਥੀਆਂ ਨੂੰ ਛੇਵੀਂ ਤੋਂ ਲੈਕੇ 12ਵੀਂ ਤੱਕ ਫਫੜੇ ਭਾਈਕੇ ਵਿੱਚ ਬਣੇ ਨਵੋਦਿਆ ਸਕੂਲ ਵਿੱਚ ਹੋਸਟਲ ਸਮੇਤ ਪੜ੍ਹਾਈ ਦੀਆਂ ਸਾਰੀਆਂ ਸਹੂਲਤਾਂ ਮੁਫ਼ਤ ਵਿੱਚ ਦਿੱਤੀਆਂ ਜਾਣਗੀਆਂ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਚੁਣੇ ਗਏ ਪੰਜਾਂ ਵਿਦਿਆਰਥੀਆਂ ਦੇ ਮਾਪੇ ਮਿਹਨਤਾਂ-ਮਜ਼ਦੂਰੀਆਂ ਕਰਕੇ ਆਪਣੇ ਬੱਚਿਆ ਦਾ ਪਾਲਣ ਪੋਸ਼ਣ ਕਰ ਰਹੇ ਸਨ। ਨਵੋਦਿਆ ਲਈ ਚੁਣੀ ਗਈ ਜਸਕੀਰਤ ਕੌਰ ਦਾ ਪਿਤਾ ਹਰਦੀਪ ਸਿੰਘ ਭੱਠੇ ’ਤੇ ਕੰਮ ਕਰਦਾ ਹੈ, ਕੁਲਵੀਰ ਕੌਰ ਦਾ ਪਿਤਾ ਬਲਜੀਤ ਸਿੰਘ ਅਤੇ ਅਸਮੀਨ ਕੌਰ ਦਾ ਪਿਤਾ ਬਲਜੀਤ ਸਿੰਘ ਮਜ਼ਦੂਰੀ ਕਰਕੇ ਆਪਣੇ ਬੱਚਿਆ ਦੇ ਸੁਨਹਿਰੀ ਭਵਿੱਖ ਦੇ ਸੁਪਨੇ ਦੇਖ ਰਿਹਾ ਹੈ, ਮਨਪ੍ਰੀਤ ਸਿੰਘ ਦਾ ਪਿਤਾ ਨਿਰਮਲ ਸਿੰਘ ਛੋਟਾ ਦੁਕਾਨਦਾਰ ਹੈ, ਹੁਸਨਪ੍ਰੀਤ ਕੌਰ ਦਾ ਪਿਤਾ ਸਰਬਜੀਤ ਸਿੰਘ ਵਰਕਸ਼ਾਪ ਮਿਸਤਰੀ ਹੈ।
ਜਸਨੂਰ ਦੀ ਜਵਾਹਰ ਨਵੋਦਿਆ ਲਈ ਚੋਣ
ਭਗਤਾ ਭਾਈ: ਕੇਂਦਰ ਸਰਕਾਰ ਦੇ ਜਵਾਹਰ ਨਵੋਦਿਆ ਵਿਦਿਆਲਿਆ ਵਲੋਂ ਐਲਾਨੇ ਗਏ ਨਤੀਜੇ ’ਚ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈ ਦੀ ਵਿਦਿਆਰਥਣ ਜਸਨੂਰ ਕੌਰ ਪੁੱਤਰੀ ਜਸਪਾਲ ਸਿੰਘ ਫੌਜੀ ਵਾਸੀ ਮਲੂਕਾ ਜਵਾਹਰ ਨਵੋਦਿਆ ਵਿਦਿਆਲਿਆ ਤਿਉਣਾ ਪੁਜਾਰੀਆਂ ਦੀ ਛੇਵੀਂ ਜਮਾਤ ਲਈ ਚੁਣੀ ਗਈ ਹੈ। ਸਕੂਲ ਦੇ ਚੇਅਰਮੈਨ ਗਗਨ ਬਰਾੜ, ਪ੍ਰਧਾਨ ਗੁਰਮੀਤ ਸਿੰਘ ਗਿੱਲ, ਉਪ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ ਤੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥਣ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ। ਪਿਤਾ ਜਸਪਾਲ ਸਿੰਘ ਫੌਜੀ, ਮਾਤਾ ਬਲਵੀਰ ਕੌਰ ਤੇ ਪੜਦਾਦੀ ਗੁਰਦੇਵ ਕੌਰ ਨੇ ਜਸਨੂਰ ਦਾ ਮੂੰਹ ਮਿੱਠਾ ਕਰਵਾਇਆ। -ਪੱਤਰ ਪ੍ਰੇਰਕ