ਨਿੱਜੀ ਪੱਤਰ ਪ੍ਰੇਰਕ
ਰਾਮਪੁਰਾ ਫੂਲ, 21 ਮਾਰਚ
ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਵਿੱਚ ਆਜ਼ਾਦੀ ਘੁਲਾਟੀਏ, ਫਰੀਡਮ ਫਾਈਟਰ ਉਤਰਾਧਿਕਾਰੀ ਜਥੇਬੰਦੀ ਜ਼ਿਲ੍ਹਾ ਬਠਿੰਡਾ ਇਕਾਈ ਪੰਜਾਬ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਅਤੇ ਜ਼ਿਲ੍ਹਾ ਖ਼ਜ਼ਾਨਚੀ ਜਗਪਾਲ ਸਿੰਘ ਫੂਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਉਪਰੰਤ ਜਥੇਬੰਦੀ ਵੱਲੋਂ ਸਰਬਸੰਮਤੀ ਨਾਲ ਤਹਿਸੀਲ ਫੂਲ ਦੀ ਚੋਣ ਕੀਤੀ ਗਈ। ਇਸ ਵਿੱਚ ਅਜਮੇਰ ਸਿੰਘ ਨੂੰ ਸਰਪ੍ਰਸਤ, ਸੁਰਜਣ ਸਿੰਘ ਜਲਾਲ ਨੂੰ ਸੀਨੀਅਰ ਮੀਤ ਪ੍ਰਧਾਨ, ਸੁਰਜੀਤ ਸਿੰਘ ਬੁਰਜ ਗਿੱਲ ਨੂੰ ਤਹਿਸੀਲ ਵਾਈਸ ਪ੍ਰਧਾਨ, ਜਗਜੀਤ ਸਿੰਘ ਮਹਿਰਾਜ ਤਹਿਸੀਲ ਸਕੱਤਰ ਸਮੇਤ ਵੱਖ-ਵੱਖ ਪਿੰਡਾਂ ਤੋਂ 17 ਵਿਅਕਤੀਆਂ ਨੂੰ ਜਥੇਬੰਦੀ ਵਿੱਚ ਨਿਯੁਕਤ ਕੀਤਾ ਗਿਆ । ਇਸ ਉਪਰੰਤ ਜਥੇਬੰਦੀ ਵੱਲੋਂ ਵਿਚਾਰ ਵਟਾਂਦਰਾ ਕਰਦਿਆਂ ਪੰਜਾਬ ਸਰਕਾਰ ਦੇ ਸਾਰੇ ਵਿਧਾਇਕਾਂ ਦੀ ਇੱਕ ਪੈਨਸ਼ਨ ਸਕੀਮ ਤੋਂ ਇਲਾਵਾ ਵਿਧਾਇਕਾਂ ਅਤੇ ਸਰਕਾਰੀ ਅਫਸਰਾਂ ਦੇ ਇਲਾਜ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਹੋਣ ਦੇ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਦੇ ਫੈਸਲੇ ’ਤੇ ਜੋ ਪੰਜਾਬ ਸਰਕਾਰ ਵਿਚਾਰ ਕਰ ਰਹੀ ਹੈ, ਇਸ ਕਦਮ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹਾ ਇਤਿਹਾਸਕ ਫੈਸਲਾ ਲੈ ਕੇ ਆਪ ਦੀ ਸਰਕਾਰ ਨੂੰ ਪੂਰੇ ਭਾਰਤ ਅੰਦਰ ਰੋਲ ਮਾਡਲ ਬਣਨਾ ਚਾਹੀਦਾ ਹੈ ਤਾਂ ਜੋ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਕੁਝ ਰਾਹਤ ਮਿਲ ਸਕੇ।