ਪਰਸ਼ੋਤਮ ਬੱਲੀ
ਬਰਨਾਲਾ, 14 ਅਕਤੂਬਰ
ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਬਣੇ ਕਰੀਬ 347 ਸਵੈ ਸੇਵੀ ਗਰੁੱਪਾਂ ਵੱਲੋਂ ਜਿੱਥੇ ਬੜੀ ਸ਼ਿੱਦਤ ਨਾਲ ਬਣੇ ਵੱਖ-ਵੱਖ ਉਤਪਾਦਾਂ ਨੂੰ ਸੂਬੇ ਭਰ ’ਚ ਅਤੇ ਸੂਬੇ ਤੋਂ ਬਾਹਰ ਪਹੁੰਚਾ ਕੇ ਨਾਮ ਕਮਾਇਆ ਜਾ ਰਿਹਾ ਹੈ, ਉਥੇ ਪਿੰਡ ਜੋਧਪੁਰ ਦੇ ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਸਥਾਨਕ ਉਤਪਾਦ ਹੱਥੀਂ ਤਿਆਰ ਕਰ ਕੇ ਆਪਣੇ ਪੈਰਾਂ ’ਤੇ ਖੜ੍ਹੀਆਂ ਹੋਈਆਂ ਹਨ। ਇਨ੍ਹਾਂ ਗਰੁੱਪਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਲਈ ਜਿੱਥੇ ਹਜ਼ਾਰਾਂ ਮਾਸਕ ਬਣਾਏ ਹਨ, ਉਥੇ ਇਹ ਬੀਬੀਆਂ ਦਰੀਆਂ ਬੁਣਨ, ਚਾਦਰਾਂ ਕੱਢਣ, ਪੱਖੀਆਂ ਬਣਾਉਣ, ਘਰਾਂ ਦਾ ਸਾਜ਼ੋ-ਸਾਮਾਨ ਬਣਾਉਣ ਤੋਂ ਲੈ ਕੇ ਕੋਟੀਆਂ, ਸਵਾਟਰਾਂ ਤੇ ਹੋਰ ਅਜਿਹਾ ਸਾਮਾਨ ਤਿਆਰ ਕਰ ਰਹੀਆਂ ਹਨ, ਜਿਸ ਦੀ ਵਿਕਰੀ ਬਹੁਤ ਹੀ ਵਾਜਬ ਕੀਮਤਾਂ ’ਤੇ ਕੀਤੀ ਜਾ ਰਹੀ ਹੈ। ਪਿੰਡ ਜੋਧਪੁਰ ਵਿਚ ਬਾਬਾ ਹਿੰਮਤ ਸਿੰਘ ਗਰੁੱਪ, ਬਾਬਾ ਵਿਸ਼ਵਕਰਮਾ ਗਰੁੱਪ, ਬਾਬਾ ਭਾਈ ਮੂਲ ਚੰਦ ਗਰੁੱਪ, ਗੁਰੂ ਨਾਨਕ ਦੇਵ ਜੀ ਗਰੁੱਪ, ਸ਼ਹੀਦ ਭਗਤ ਸਿੰਘ ਗਰੁੱਪ, ਗੁਰੂ ਗੋਬਿੰਦ ਸਿੰਘ ਗਰੁੱਪ, ਭਗਤ ਰਵੀਦਾਸ ਗਰੁੱਪ, ਮਾਤਾ ਗੁਜਰੀ ਜੀ ਗਰੁੱਪ ਸਣੇ 8 ਗਰੁੱਪ ਮਿਸ਼ਨ ਅਧੀਨ ਕੰਮ ਕਰ ਰਹੇ ਹਨ।