ਪੱਤਰ ਪ੍ਰੇਰਕ
ਸ਼ਹਿਣਾ, 22 ਮਈ
ਬਲਾਕ ਸ਼ਹਿਣਾ ਦੇ ਪਿੰਡ ਭਗਤਪੁਰਾ ਮੌੜ ਵਿੱਚ ਬੱਕਰੀਆਂ ਚਾਰਨ ਵਾਲੇ ਸੁਦਾਗਰ ਸਿੰਘ ਪੁੱਤਰ ਨਾਜ਼ਮ ਸਿੰਘ ’ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਉਹ ਆਪਣੀਆਂ ਬੱਕਰੀਆਂ ਚਾਰਨ ਲਈ ਘਰੋਂ ਨਿਕਲਿਆ ਤਾਂ ਇੱਕ ਕਿਲੋਮੀਟਰ ਦੂਰ ਖੇਤ ਕੋਲ ਜਾਂਦੇ ਸਮੇਂ 9 ਮਹਿੰਗੀਆਂ ਬੱਕਰੀਆਂ ਬੇਹੋਸ਼ ਹੋ ਕੇ ਡਿੱਗਣੀਆਂ ਸ਼ੁਰੂ ਹੋ ਗਈਆਂ। ਤੁਰੰਤ ਡਾਕਟਰ ਨੂੰ ਬੁਲਾ ਕੇ ਇਲਾਜ ਕਰਵਾਉਣਾ ਸ਼ੁਰੂ ਕੀਤਾ ਗਿਆ ਤਾਂ 2 ਬੱਕਰੀਆਂ ਬਚ ਗਈਆਂ ਪਰ ਮੌਕੇ ’ਤੇ ਹੀ 7 ਮਹਿੰਗੀਆਂ ਬੱਕਰੀਆਂ ਦੇ ਮੂੰਹ ਵਿੱਚੋਂ ਝੱਗ ਅਤੇ ਖ਼ੂਨ ਆਉਣ ਕਾਰਨ ਉਹ ਮਰ ਗਈਆਂ। ਇਸ ਮੌਕੇ ਪੀੜਤ ਸੁਦਾਗਰ ਸਿੰਘ ਨੇ ਦੱਸਿਆ ਕਿ ਬੱਕਰੀਆਂ ਦੀ ਕੀਮਤ ਤਿੰਨ ਲੱਖ ਰੁਪਏ ਦੇ ਕਰੀਬ ਹੈ। ਉਸ ਨੇ ਲੋਕਾਂ ਤੋਂ ਕਰਜ਼ਾ ਚੁੱਕ ਕੇ ਆਪਣਾ ਰੁਜ਼ਗਾਰ ਚਲਾਇਆ ਹੋਇਆ ਸੀ ਪਰ ਜ਼ਹਿਰੀਲੀ ਚੀਜ਼ ਕਾਰਨ ਉਸ ਦਾ ਵੱਡਾ ਨੁਕਸਾਨ ਹੋ ਗਿਆ ਹੈ। ਉਸ ਨੇ ਇਹ ਵੀ ਦੱਸਿਆ ਕਿ ਸ਼ੱਕ ਹੈ ਕਿਸੇ ਵੱਲੋਂ ਜਾਣਬੁੱਝ ਕੇ ਬੱਕਰੀਆਂ ਨੂੰ ਕੋਈ ਜ਼ਹਿਰੀਲੀ ਚੀਜ਼ ਖਵਾਈ ਗਈ ਹੈ। ਪਿੰਡ ਵਾਸੀਆਂ, ਪੰਚਾਇਤ ਤੇ ਪੰਜਾਬੀ ਫ਼ਿਲਮ ਜਗਤ ਦੇ ਉੱਘੇ ਰਾਈਟਰ ਸਰਬਾ ਮਾਨ ਨੇ ਪੰਜਾਬ ਸਰਕਾਰ ਤੇ ਸਮਾਜ ਸੇਵੀ ਦਾਨੀਆਂ ਤੋਂ ਮੰਗ ਕੀਤੀ ਕਿ ਇਹ ਵਿਅਕਤੀ ਨੇ ਕਰੋਨਾ ਕਾਲ ਅਤੇ ਹੋਰ ਬਿਮਾਰੀਆਂ ਲਈ ਬੱਕਰੀਆਂ ਦੇ ਦੁੱਧ ਦੀ ਮੁਫ਼ਤ ਮਦਦ ਕਰਦਾ ਆ ਰਿਹਾ ਸੀ, ਪਰ ਅੱਜ ਵੱਡਾ ਨੁਕਸਾਨ ਹੋਣ ਕਾਰਨ ਇਸ ਦੀ ਮਦਦ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ। ਦੂਜੇ ਪਾਸੇ ਜੇ ਘਰ ਦੀ ਗੱਲ ਕੀਤੀ ਜਾਵੇ ਤਾਂ ਪੀੜਤ ਸੁਦਾਗਰ ਸਿੰਘ ਆਪਣੀ ਦਾਦੀ ਨਾਲ ਇੱਕ ਪੁਰਾਣੇ ਮਕਾਨ ਵਿੱਚ ਰਹਿ ਰਿਹਾ ਹੈ।