ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਅਗਸਤ
ਇਥੇ ਵਾਰਡ ਨੰਬਰ 15 ਰੇਲਵੇ ਫ਼ਲਾਈਓਵਰ ਕੋਲ ਕਈ ਮਹੀਨਿਆਂ ਤੋਂ ਸੀਵਰੇਜ ਦਾ ਓਵਰਫ਼ਲੋਅ ਦਾ ਗੰਦਾ ਪਾਣੀ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ। ਗੰਦਾ ਪਾਣੀ ਜਿਥੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ ਉਥੇ ਸਕੂਲ ਜਾਣ ਵੇਲੇ ਨਿੱਕੇ ਬੱਚੇ ਆਮ ਹੀ ਇਥੇ ਡਿੱਗ ਪੈਂਦੇ ਹਨ।
ਸਾਬਕਾ ਕੌਂਸਲਰ ਪ੍ਰੇਮ ਚੰਦ ਤੇ ਹੋਰਨਾਂ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਫੋਕਲ ਪੁਆਇੰਟ ਡਿਸਪੋਜ਼ਲ ਦਾ ਪਾਣੀ ਪਹਿਲਾਂ ਡਰੇਨ ਵਿਚ ਪੈਂਦਾ ਸੀ ਪਰ 8 ਇੰਚ ਪਾਈਪਾਂ ਨਾਲ ਜੋੜ ਦਿੱਤਾ ਗਿਆ ਜੋ ਓਵਰ ਫਲੋਅ ਹੋ ਰਿਹਾ ਹੈ। ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਅਤੇ ਗਲੀਆਂ ਤੇ ਸੜਕਾਂ ’ਤੇ ਵਗ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਕਮਿਸ਼ਨਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਸਾਰੀ ਸਥਿਤੀ ਬਾਰੇ ਲਿਖਤੀ ਜਾਣੂੰ ਕਰਵਾਇਆ ਗਿਆ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਕੋਟਕਪੂਰਾ ਬਾਈਪਾਸ ਤੋਂ ਵਾਰਡ ਨੂੰ ਮਿਲਾਉਣ ਵਾਲੀ ਸੜਕ ਵਿਚਕਾਰ ਸੀਵਰੇਜ ਦੀਆਂ ਸਲੈਬਾਂ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਹਨ ਅਤੇ ਲੋਕਾਂ ਦਾ ਕੋਟਕਪੂਰਾ ਸੜਕ ਤੋਂ ਸੰਪਰਕ ਵੀ ਟੁੱਟ ਚੁੱਕਾ ਹੈ ਅਤੇ ਸੀਵਰੇਜ ਦੇ ਗੰਦੇ ਪਾਣੀ ਵਿੱਚ ਹੀ ਡੰਪ ਕੂੜਾ ਹੋਰ ਗੰਦਗੀ ਖ਼ਿਲਾਰ ਰਿਹਾ ਹੈ।
ਸਿਹਤ ਵਿਭਾਗ ਲੋਕਾਂ ਨੂੰ ਬਿਮਾਰੀਆ ਤੋਂ ਬਚਣ ਲਈ ਜਾਗਰੂਕ ਕਰ ਰਿਹਾ ਹੈ ਪਰ ਨਗਰ ਨਿਗਮ ਦੀ ਬੇਰੁੱਖੀ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਨਿਗਮ ਅਧਿਕਾਰੀ ਬਾਜ਼ਾਰ ਵਿੱਚੋਂ ਲੰਘਦੇ ਹਨ ਪਰ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਲੋਕਾਂ ਨੇ ਕਿਹਾ ਕਿ ਇਥੇ ਗਲੀਆਂ ਵਿੱਚ ਰਹਿਣ ਤਾਂ ਦੂਰ ਦੀ ਗੱਲ,ਇੱਥੋਂ ਦੀ ਲੰਘਣਾ ਵੀ ਮੁਸ਼ਕਿਲ ਹੋ ਰਿਹਾ ਹੈ। ਲੋਕਾਂ ਨੂੰ ਘਰਾਂ ਵਿੱਚ ਬੈਠ ਕੇ ਖਾਣਾ, ਖਾਣਾ ਵੀ ਦੁੱਭਰ ਹੋ ਰਿਹਾ ਹੈ। ਨਿਗਮ ਕਮਿਸ਼ਨਰ ਦਾ ਪੱਖ ਜਾਨਣਾ ਚਾਹਿਆ ਪਰ ਸੰਪਰਕ ਨਹੀਂ ਹੋ ਸਕਿਆ।