ਪੱਤਰ ਪ੍ਰੇਰਕ
ਮਾਨਸਾ, 7 ਨਵੰਬਰ
ਮਾਨਸਾ ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਸ਼ਹਿਰ ਦੀਆਂ ਕਿਸਾਨ, ਮਜ਼ਦੂਰ ਦੁਕਾਨਦਾਰ, ਧਾਰਮਿਕ, ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਸਥਾਨਕ ਲਕਸ਼ਮੀ ਨਰਾਇਣ ਮੰਦਿਰ ਵਿੱਚ ਹੋਈ, ਜਿਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪਿਛਲੇ ਸਮੇਂ ਦੌਰਾਨ ਸੀਵਰੇਜ ਦੀ ਸਮੱਸਿਆ ਨੂੰ ਲੈਕੇ ਕੀਤੇ ਸੰਘਰਸ਼ਾਂ ਦੇ ਤਜਰਬੇ ਸਾਂਝੇ ਕੀਤੇ ਗਏ ਅਤੇ ਭਵਿੱਖ ਵਿੱਚ ਵਿੱਢੇ ਜਾਣ ਵਾਲੇ ਸੰਘਰਸ਼ਾਂ ਬਾਰੇ ਵੀ ਵਿਸਤਾਰਤ ਚਰਚਾ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸਹਿਰ ਦੇ ਕੁਝ ਨਗਰ ਕੌਂਸਲਰਾਂ ਵੱਲੋਂ ਸੀਵਰੇਜ ਬੋਰਡ ਸੀਵਰੇਜ ਬੋਰਡ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਸਥਾਨਕ ਠੀਕਰੀ ਵਾਲਾ ਚੌਕ ਵਿੱਚ ਆਪਣੇ ਪੱਧਰ ’ਤੇ ਹੀ ਸੰਘਰਸ਼ ਵਿੱਢਿਆ ਹੋਇਆ ਹੈ। ਅੱਜ ਉਨ੍ਹਾਂ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੂੰ ਸੱਦਾ ਦਿੰਦਿਆਂ ਉਕਤ ਮੀਟਿੰਗ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਇੱਕ ਸੰਘਰਸ਼ ਕਮੇਟੀ ਦਾ ਗਠਨ ਵੀ ਕੀਤਾ ਗਿਆ, ਜਿਸ ਨੂੰ ਭਵਿੱਖ ਵਿੱਚ ਇਸ ਸਮੱਸਿਆ ਦੇ ਪੱਕੇ ਹੱਲ ਲਈ ਸੰਘਰਸ਼ ਦੀ ਰੂਪ ਰੇਖਾ ਉਲੀਕਣ ਦੀ ਜ਼ਿੰਮੇਵਾਰੀ ਸੌਂਪੀ ਗਈ। ਇੱਕਤਰਤਾ ਦੌਰਾਨ ਫੈਸਲਾ ਕੀਤਾ ਗਿਆ ਕਿ ਆਉਂਦੇ 14 ਨਵੰਬਰ ਨੂੰ ਇਸ ਸੰਘਰਸ਼ ਕਮੇਟੀ ਦੀ ਇਸੇ ਸਥਾਨ ’ਤੇ ਚਾਰ ਵਜੇ ਇੱਕ ਇਕੱਠ ਹੋਵੇਗਾ। ਇਸ ਮੌਕੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਡਾ. ਧੰਨਾ ਮੱਲ ਗੋਇਲ, ਰਾਜਵਿੰਦਰ ਰਾਣਾ, ਡਾ. ਲਖਵਿੰਦਰ ਮੂਸਾ, ਅਮ੍ਰਿਤ ਪਾਲ ਗੋਗਾ, ਡਾ. ਜਨਕ ਰਾਜ ਜਤਿੰਦਰ ਆਗਰਾ, ਹਰਿੰਦਰ ਮਾਨਸ਼ਾਹੀਆ, ਐਡਵੋਕੇਟ ਕੇਸਰ ਸਿੰਘ ਧਲੇਵਾਂ, ਐਡਵੋਕੇਟ ਬਲਕਰਨ ਬੱਲੀ ਤੇ ਹੋਰ ਹਾਜ਼ਰ ਸਨ।