ਹੁਸ਼ਿਆਰ ਸਿੰਘ ਘਟੌੜਾ
ਰਾਮਾਂ ਮੰਡੀ, 8 ਅਪਰੈਲ
ਇੱਥੋਂ ਦੇ ਕਈ ਖੇਤਰਾਂ ਵਿੱਚ ਇੰਨ੍ਹੀਂ ਦਿਨੀਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿੱਚ ਸੀਵਰੇਜ ਦਾ ਪਾਣੀ ਸਪਲਾਈ ਹੋ ਰਿਹਾ ਹੈ। ਇਸ ਦੀ ਮਾਰ ਸਭ ਤੋਂ ਵੱਧ ਬੱਸ ਅੱਡੇ, ਕੈਂਚੀਆਂ ਬੀਐੱਸਐੱਨਐਲ ਐਕਸਚੇਂਜ ਦੇ ਨੇੜਲੇ ਇਲਾਕੇ ਵਿੱਚ ਹੈ। ਇਸ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਗੰਦੇ ਕਾਲੇ ਮੁਸ਼ਕੇ ਪਾਣੀ ਵਿਚ ਜਿਉਂਦੀਆਂ ਸੁੰਡੀਆਂ ਤੱਕ ਆ ਰਹੀਆਂ ਹਨ। ਇਸ ਕਾਰਨ ਇਥੇ ਹਰ ਰੋਜ਼ ਲੋਕ ਬਿਮਾਰ ਹੋ ਰਹੇ ਹਨ। ਇਸ ਪਾਣੀ ਨੂੰ ਪੀਣਾ ਤਾਂ ਦੂਰ ਘਰ ਵਿੱਚ ਪਾਣੀ ਡੁੱਲ੍ਹਣ ਨਾਲ ਹੀ ਸਾਰੇ ਘਰ ਬਦਬੂ ਫੈਲ ਜਾਂਦੀ ਹੈ। ਲੋਕਾਂ ਨੇ ਕਿਹਾ ਜੇ ਵਕਤ ਰਹਿਦੇ ਨਗਰ ਕੌਂਸਲ ਨੇ ਇਸ ਗੰਭੀਰ ਹੋ ਰਹੀ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾਂ ਕਿਸੇ ਵੀ ਤਰ੍ਹਾਂ ਦੀ ਗੰਭੀਰ ਬੀਮਾਰੀ ਪੈਦਾ ਹੋਣੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਲੋਕਾਂ ਨੇ ਦੱਸਿਆ ਕਿ ਇਸ ਸਮੱਸਿਆਂ ਦੇ ਚਲਦੇ ਉਹ ਕਈ ਕਈ ਵਾਰ ਆਪਣੇ ਘਰਾਂ ਦੀਆਂ ਪਾਣੀ ਵਾਲੀਆਂ ਟੈਂਕੀਆਂ ਵਿੱਚੋਂ ਗੰਦਗੀ ਸਾਫ ਕਰਵਾ ਚੁੱਕੇ ਹਨ ਪਰ ਸਮੱਸਿਆ ਜਿਉਂ ਦੀ ਤਿਉਂ ਬਰਕਾਰ ਹੈ। ਇਸ ਦੇ ਚਲਦੇ ਘਰਾਂ ਵਿੱਚ ਲੱਗੇ ਆਰ ਓ ਸਿਸਟਮ ਵੀ ਖਰਾਬ ਹੋ ਚੁੱਕੇ ਹਨ। ਲੋਕ ਮਜਬੂਰਨ ਨੇੜਲੇ ਘਰਾਂ ਵਿੱਚ ਲੱਗੀਆਂ ਜ਼ਮੀਨੀ ਬੰਬੀਆਂ ਦਾ ਪਾਣੀ ਜਾਂ ਪ੍ਰਾਈਵੇਟ ਆਰਓ ਤੋਂ ਮਹਿੰਗਾ ਪਾਣੀ ਖਰੀਦ ਕੇ ਪਾਣੀ ਵਰਤ ਰਹੇ ਹਨ।
ਸਮੱਸਿਆ ਜਲਦੀ ਹੱਲ ਹੋ ਜਾਵੇਗੀ: ਜੇਈ
ਇਸ ਬਾਰੇ ਜਦੋਂ ਨਗਰ ਕੌਂਸਲ ਦੇ ਜੇਈ ਦਵਿੰਦਰ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਗੇ ਸੀਵਰੇਜ ਦੀਆਂ ਪਾਈਪਾਂ ਬੰਦ ਹੋਣ ਕਾਰਨ ਇਹ ਸਮੱਸਿਆ ਆ ਰਹੀ ਹੈ ਜਿਸ ਨੂੰ ਜਲਦੀ ਹੀ ਹੱਲ ਕਰਵਾ ਲਿਆ ਜਾਵੇਗਾ।