ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 17 ਅਗਸਤ
ਕਰੋੜਾਂ ਰੁਪਏ ਦੇ ਖਰਚੇ ਅਤੇ ਕਈ ਸਾਲਾਂ ਦੀ ਪੱਟਾ-ਖੋਹੀ ਤੋਂ ਬਾਅਦ ਤਿਆਰ ਹੋਇਆ ਮੁਕਤਸਰ ਦਾ ਸੀਵਰੇਜ ਲੋਕਾਂ ਲਈ ਜਾਨ ਦਾ ਖੌਅ ਬਣਿਆ ਹੋਇਆ ਹੈ| ਸੀਵਰੇਜ ਦਾ ਗੰਦਾ ਪਾਣੀ ਗਲੀਆਂ ਵਿੱਚ ਤਾਂ ਪਹਿਲਾਂ ਹੀ ਖੜ੍ਹਾ ਰਹਿੰਦਾ ਸੀ, ਹੁਣ ਤਾਂ ਇਹ ਪਾਣੀ ਘਰਾਂ ਦੇ ਫਲੱਸ਼ਾਂ ਰਾਹੀਂ ਵਿਹੜਿਆਂ ਵਿੱਚ ਵੀ ਭਰ ਜਾਂਦਾ ਹੈ ਤੇ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਵਿੱਚੋਂ ਵੀ ਸੀਵਰੇਜ ਦਾ ਗੰਦਾ ਪਾਣੀ ਨਿਕਲਦਾ ਹੈ|
ਗੁਰੂ ਅੰਗਦ ਦੇਵ ਨਗਰ, ਬਾਵਾ ਕਲੋਨੀ, ਥਾਂਦੇਵਾਲਾ ਰੋਡ, ਖਾਲਸਾ ਸਕੂਲ ਰੋਡ, ਜੋਧੂ ਕਲੋਨੀ, ਬੈਂਕ ਰੋਡ, ਬਾਜ਼ਾਰ ਦਰਬਾਰ ਸਾਹਿਬ, ਕੋਟਲੀ ਰੋਡ ਦਾ ਤਾਂ ਅਸਲੋਂ ਹੀ ਮੰਦਾ ਹਾਲ ਹੈ| ਲੋਕਾਂ ਦੀ ਮੰਗ ਹੈ ਕਿ ਸੀਵਰੇਜ ਦੀ ਦਸ਼ਾ ਸੁਧਾਰੀ ਜਾਵੇ ਤਾਂ ਜੋ ਉਹ ਸੁਖ ਦਾ ਸਾਹ ਲੈ ਸਕਣ|
ਇਸ ਸਬੰਧ ਵਿੱਚ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਤੱਕ ਸ਼ਹਿਰ ਵਾਸੀਆਂ ਨੇ ਪਹੁੰਚ ਕੀਤੀ ਤਾਂ ਉਨ੍ਹਾਂ ਨੇ ਤੁਰੰਤ ਜਾ ਕੇ ਬੱਲਮਗੜ੍ਹ ਰੋਡ ਅਤੇ ਜਲਾਲਾਬਾਦ ਰੋਡ ਉੱਤੇ ਬਣੇ ਡਿਸਪੋਜ਼ਲਾਂ ਦਾ ਅਚਨਚੇਤ ਨਿਰੀਖਣ ਕੀਤਾ| ਇਸ ਮੌਕੇ ਉਨ੍ਹਾਂ ਐਕਸੀਅਨ ਗਗਨ ਸੰਧੂ ਅਤੇ ਜੇਈ ਵੀ ਮੌਕੇ ’ਤੇ ਸੱਦ ਲਏ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕਰਦਿਆਂ ਆਖਿਆ ਕਿ ਸੀਵਰੇਜਜ ਸਿਸਟਮ ਦੇ ਕੰਮ ਵਿੱਚ ਲਾਪ੍ਰਵਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ| ਉਨ੍ਹਾਂ ਡਿਸਪੋਜ਼ਲਾਂ ਉੱਤੇ ਮੋਟਰਾਂ ਪੂਰੀਆਂ ਕਰਨ ਦੀ ਵੀ ਹਦਾਇਤ ਕੀਤੀ| ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਮੰਤਰੀ ਬ੍ਰਹਮ ਸ਼ੰਕਰ ਸ਼ਰਮਾ ਜਿੰਪਾ ਨਾਲ ਵੀ ਰਾਬਤਾ ਬਣਾ ਕੇ ਰੱਖਿਆ ਹੋਇਆ ਹੈ|
ਉਨ੍ਹਾਂ ਜਲਾਲਾਬਾਦ ਰੋਡ ਬਾਈਪਾਸ ’ਤੇ ਪੈਣ ਵਾਲੀ ਸੀਵਰੇਜਜ ਪਾਈਪ ਦਾ ਵੀ ਜਾਇਜ਼ਾ ਲਿਆ ਅਤੇ ਸਬੰਧਤ ਵਿਭਾਗ ਨੂੰ ਤੁਰੰਤ ਅਸਟੀਮੇਟ ਬਣਾ ਕੇ ਭੇਜਣ ਨੂੰ ਆਖਿਆ ਗਿਆ| ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦੁਆਇਆ ਕਿ ਸੀਵਰੇਜਜ ਦੀ ਸਮੱਸਿਆ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇਾਗਾ।
ਇਸ ਮੌਕੇ ਸੁਖਜਿੰਦਰ ਸਿੰਘ ਬਬਲੂ ਬਰਾੜ, ਪਰਮਜੀਤ ਸਿੰਘ ਪੰਮਾ ਨੰਬਰਦਾਰ, ਪੁਸ਼ਪਿੰਦਰ ਸਿੰਘ, ਸਲਵਿੰਦਰ ਸ਼ਰਮਾ, ਦਿਨੇਸ਼ ਰਾਜਪੁਰੋਹਿਤ, ਇਕਬਾਲ ਸਿੰਘ ਬਰਾੜ, ਜਗਦੀਪ ਸਿੰਘ ਢਿੱਲੋਂ ਆਦਿ ਹਾਜ਼ਰ ਸਨ।