ਲਖਵੀਰ ਸਿੰਘ ਚੀਮਾ
ਟੱਲੇਵਾਲ, 8 ਅਪਰੈਲ
ਪਿੰਡ ਟੱਲੇਵਾਲ ਦੇ ਗੁਰਦੁਆਰਾ ਅੰਗੀਠਾ ਬਾਬਾ ਸੁੰਦਰ ਸਿੰਘ ਦੀ ਇੱਕ ਵੀਡੀਓ ਬਣਾ ਕੇ ਇੱਕ ਔਰਤ ਵੱਲੋਂ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਗਈ ਸੀ। ਇਸ ਵੀਡੀਓ ਵਿੱਚ ਔਰਤ ਵੱਲੋਂ ਗੁਰਘਰ ਦੇ ਸੇਵਾਦਾਰਾਂ ਪ੍ਰਤੀ ਕਾਫ਼ੀ ਭੱਦੀ ਸ਼ਬਦਾਵਲੀ ਵਰਤੀ ਗਈ ਸੀ। ਵਾਇਰਲ ਵੀਡੀਓ ’ਤੇ ਲੋਕਾਂ ਵੱਲੋਂ ਟਿੱਪਣੀਆਂ ਦੇ ਰੂਪ ’ਚ ਗੁਰੂਘਰ ਦੇ ਸੇਵਾਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਉਪਰੰਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾਂ ਅਤੇ ਗੁਰਘਰ ਦੇ ਸੇਵਾਦਾਰਾਂ ਵੱਲੋਂ ਵੀਡੀਓ ਵਾਇਰਲ ਕਰ ਕੇ ਗੁਰੂਘਰ ਨੂੰ ਬਦਨਾਮ ਕਰਨ ਦੀ ਨਿਖੇਧੀ ਕੀਤੀ ਗਈ। ਜਥੇਦਾਰ ਚੂੰਘਾਂ ਨੇ ਦੱਸਿਆ ਕਿ ਇਹ ਵੀਡੀਓ ਪਿੰਡ ਦੀ ਹੀ ਇੱਕ ਮਹਿਲਾ ਵੱਲੋਂ ਬਣਾ ਕੇ ਵਾਇਰਲ ਕੀਤੀ ਗਈ ਹੈ ਜਿਸ ਨੂੰ ਪਿੰਡ ਦੇ ਲੋਕਾਂ ਵੱਲੋਂ ਮਾਨਸਿਕ ਰੋਗੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਮਹਿਲਾ ਵੱਲੋਂ ਗੁਰੂੂ ਘਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਵੀਡੀਓ ਵਾਇਰਲ ਕਰਨ ਵਾਲੀ ਨੂੰ ਔਰਤ ਹੋਣ ਕਰ ਕੇ ਬਖ਼ਸ਼ਦਿਆਂ ਉਸ ਦਾ ਇਲਾਜ ਕਰਵਾਉਣ ਦੀ ਗੱਲ ਕੀਤੀ ਗਈ ਹੈ ਪਰ ਜੇਕਰ ਅੱਗੇ ਤੋਂ ਅਜਿਹੀ ਘਟਨਾ ਹੁੰਦੀ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।