ਪਰਸ਼ੋਤਮ ਬੱਲੀ
ਬਰਨਾਲਾ, 12 ਅਕਤੂਬਰ
ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਸਥਾਨਕ ਰੇਲਵੇ ਸਟੇਸ਼ਨ ’ਤੇ 377 ਦਿਨਾਂ ਤੋਂ ਲੱਗੇ ਸਾਂਝੇ ਕਿਸਾਨ ਮੋਰਚੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸ਼ਹੀਦ ਕਿਸਾਨ ਦਿਵਸ ਮਨਾਇਆ ਗਿਆ। ਸਵੇਰ ਸਮੇਂ ਵੱਖ-ਵੱਖ ਪਿੰਡਾਂ ਵਿੱਚ ਧਾਰਮਿਕ ਸਭਾਵਾਂ ਕਰਕੇ ਸ਼ਹੀਦਾਂ ਲਈ ਅੰਤਿਮ ਅਰਦਾਸਾਂ ਕੀਤੀਆਂ ਗਈਆਂ। ਸੈਂਕੜੇ ਲੋਕਾਂ ਨੇ ਰੇਲਵੇ ਸਟੇਸ਼ਨ ਬਰਨਾਲਾ ’ਤੇ ਇਕੱਤਰ ਹੋਣ ਬਾਅਦ ਸ਼ਹੀਦ ਭਗਤ ਸਿੰਘ ਚੌਕ ਤੱਕ ਮੋਮਬੱਤੀ ਮਾਰਚ ਕੀਤਾ। ਵੱਡੀ ਗਿਣਤੀ ਵਿੱਚ ਲੋਕਾਂ ਨੇ, ਪੰਜ ਸ਼ਹੀਦਾਂ ਦੀ ਯਾਦ ਵਿੱਚ, ਸ਼ਾਮ ਨੂੰ ਆਪਣੇ ਘਰਾਂ ਮੂਹਰੇ ਪੰਜ ਮੋਮਬੱਤੀਆਂ ਬਾਲ ਕੇ ਫੋਟੋਆਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ। 13 ਅਕਤੂਬਰ ਨੂੰ ਧਰਨੇ ਦੇ ਸੰਘਰਸ਼ੀ ਪਿੜ ’ਚ ਲੋਕ ਲਹਿਰਾਂ ਦੇ ਵਿਛੜੇ ਨਾਇਕ ਮੱਘਰ ਸਿੰਘ ਕੁਲਰੀਆਂ ਦੀ 10ਵੀਂ ਬਰਸੀ ਮਨਾਈ ਜਾਵੇਗੀ।
ਦੋਦਾ (ਜਸਵੀਰ ਸਿੰਘ ਭੁੱਲਰ): ਇੱਥੇ ਅੱਜ ਦੋਦਾ ਦੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿੱਚ ਲਖੀਮਪੁਰ ਦੇ ਸ਼ਹੀਦ ਕਿਸਾਨਾਂ ਨਮਿਤ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕੀਤੀ ।
ਸਿਰਸਾ (ਪ੍ਰਭੂ ਦਿਆਲ): ਮੋਰਚਿਆਂ ਤੇ ਧਰਨੇ ਵਾਲੀਆਂ ਥਾਵਾਂ ’ਤੇ ਅੱਜ ਲਖੀਮਪੁਰ ਖੀਰੀ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਭੋਗ ਪਾਏ ਗਏ। ਪਿਛਲੇ ਗਿਆਰਾਂ ਮਹੀਨਿਆਂ ਤੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਪੱਕਾ ਮੋਰਚਾ ਲਾ ਕੇ ਬੈਠੇ ਕਿਸਾਨਾਂ ਨੇ ਸ਼ਹੀਦ ਕਿਸਾਨਾਂ ਤੇ ਪੱਤਰਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਸ਼ਹਿਣਾ (ਪ੍ਰਮੋਦ ਸਿੰਗਲਾ): ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਿੰਡ ਸੁਖਪੁਰਾ ਵਿੱਚ ਅਰਦਾਸ ਦਿਵਸ ਮਨਾਇਆ ਗਿਆ ਅਤੇ ਯੂਪੀ ਦੇ ਲਖੀਮਪੁਰ ਖੀਰੀ ਵਿੱਚ ਚਾਰ ਕਿਸਾਨਾ ਦੇ ਸ਼ਹੀਦ ਹੋਣ ਦੀ ਯਾਦ ਵਿੱਚ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ 14 ਅਕਤੂਬਰ ਨੂੰ ਬਰਗਾੜੀ ਪਹੁੰਚਣ ਦੀ ਅਪੀਲ ਕੀਤੀ।
ਮਹਿਲ ਕਲਾਂ (ਨਵਕਿਰਨ ਸਿੰਘ): ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਪੱਕੇ ਧਰਨੇ ਸਮੇਤ ਵੱਖ ਵੱਖ ਥਾਵਾਂ ’ਤੇ ਅੱਜ ਕਿਸਾਨਾਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆ ਗਈਆ। ਮਹਿਲ ਕਲਾਂ ਟੌਲ ਪਲਾਜ਼ਾ ਤੇ ਇਸੇ ਤਰ੍ਹਾਂ ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਭੱਦਲਵੱਡ ਨੇੜੇ ਰਿਲਾਇੰਸ ਪੈਟਰੋਲ ਅੱਗੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਸ਼ਹੀਦ ਕਿਸਾਨਾਂ ਅਤੇ ਪੱਤਰਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਜ਼ੀਰਾ (ਹਰਮੇਸ਼ਪਾਲ ਨੀਲੇਵਾਲਾ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਅਗਵਾਈ ਹੇਠ ਰਿਲਾਇੰਸ ਪੰਪ ਬਲੂਰ ਵਿੱਚ ਲੱਗੇ ਪੱਕੇ ਧਰਨੇ ਦੌਰਾਨ ਕਿਸਾਨਾਂ ਵੱਲੋਂ ਲਖੀਮਪੁਰ ਖਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਮੁਲਜ਼ਮਾਂ ਨੂੰ ਸਖਤ ਸਜ਼ਾ ਦੀ ਮੰਗ ਕੀਤੀ ਗਈ।
ਮੱਖੂ (ਲਖਵਿੰਦਰ ਸਿੰਘ): ਭਾਰਤੀ ਕਿਸਾਨ ਯੂਨੀਅਨ ਪੰਜਾਬ ਫਿਰੋਜਪੁਰ ਦੇ ਬਲਾਕ ਮਖੂ ਦੇ ਕਿਸਾਨਾਂ ਵੱਲੋਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਗੁਰਦੇਵ ਸਿੰਘ ਵਾਰਸਵਾਲਾ ਦੀ ਅਗਵਾਈ ਵਿਚ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਅਤੇ ਪੱਤਰਕਾਰ ਸ਼ਰਧਾਜਲੀ ਭੇਂਟ ਕੀਤੀ ਗਈ ਅਤੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।
ਵਿਦਿਆਰਥੀਆਂ ਵੱਲੋਂ ਲਖ਼ੀਮਪੁਰ ਖੀਰੀ ਦੇ ਮਿ੍ਰਤਕਾਂ ਨੂੰ ਸ਼ਰਧਾਂਜਲੀ
ਜੈਤੋ (ਸ਼ਗਨ ਕਟਾਰੀਆ): ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਵਰਕਰਾਂ ਨੇ ਅੱਜ ਇਥੇ ਯੂਨੀਵਰਸਿਟੀ ਕਾਲਜ ਵਿੱਚ ਲਖ਼ੀਮਪੁਰ ਖੀਰੀ ਘਟਨਾ ’ਚ ਜ਼ਿੰਦਗੀ ਤੋਂ ਹੱਥ ਧੋ ਬੈਠੇ ਚਾਰ ਕਿਸਾਨਾਂ ਸ਼ਰਧਾਂਜਲੀ ਦਿੱਤੀ। ਵਿਦਿਆਰਥੀ ਆਗੂ ਰਵਿੰਦਰ ਸੇਵੇਵਾਲਾ ਨੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ।
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਯੂਨੀਵਰਸਿਟੀ ਕਾਲਜ ਬਹਾਦਰਪੁਰ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਲਖੀਮਪੁਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਵਿਦਿਆਰਥੀਆਂ ਦੀ ਇਕੱਤਰਤਾ ਰੱਖੀ ਗਈ। ਵਿਦਿਆਰਥੀ ਆਗੂ ਸੁਨੀਲ ਅਤੇ ਮਨਦੀਪ ਸ਼ਰਮਾ ਨੇ ਕਿਹਾ ਕਿ ਪੀਐਸਯੂ ਸ਼ਹੀਦ ਰੰਧਾਵਾ ਇਸ ਹਮਲੇ ਦੀ ਸਖਤ ਨਿਖੇਧੀ ਕਰਦੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਸਜ਼ਾ ਦੇਣ ਦੀ ਮੰਗ ਕਰਦੀ ਹੈ ਆਖਿਰ ਵਿੱਚ ਵਿਦਿਆਰਥੀਆਂ ਵੱਲੋਂ ਸ਼ਰਧਾਂਜਲੀ ਵਜੋਂ ਪੰਜ ਮਿੰਟ ਦਾ ਮੌਨ ਰੱਖਿਆ ਗਿਆ।