ਪੱਤਰ ਪ੍ਰੇਰਕ
ਜ਼ੀਰਾ, 19 ਜੁਲਾਈ
ਇੱਥੋਂ ਦੇ ਪਿੰਡ ਲਹੁਕੇ ਕਲਾਂ ਦੇ ਵਸਨੀਕ ਜਵਾਨ ਕੁਲਦੀਪ ਸਿੰਘ, ਜਿਸ ਦਾ ਚੀਨ ਸਰਹੱਦ ’ਤੇ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਪਾਏ ਗਏ ਤੇ ਅੰਤਿਮ ਅਰਦਾਸ ਕੀਤੀ। ਇਸ ਮੌਕੇ ਭਾਰਤੀ ਫੌਜ ਦੀ 21 ਸਿੱਖ ਰੈਜੀਮੈਂਟ ਵੱਲੋਂ ਸ਼ਹੀਦ ਕੁਲਦੀਪ ਸਿੰਘ ਦੀ ਮਾਤਾ ਅਤੇ ਪਤਨੀ ਨੂੰ ਸਿਰੋਪਾ ਭੇਟ ਕੀਤਾ ਗਿਆ।
ਅੰਤਿਮ ਅਰਦਾਸ ਵਿੱਚ ਪੁੱਜੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਨੇ ਸੈਨਿਕ ਭਲਾਈ ਵਿਭਾਗ ਵੱਲੋਂ 5 ਲੱਖ ਰੁਪਏ ਦਾ ਚੈੱਕ ਪਰਿਵਾਰ ਨੂੰ ਸੌਂਪਿਆ। ਇਸ ਤੋਂ ਇਲਾਵਾ 25 ਹਜ਼ਾਰ ਰੁਪਏ ਦਾ ਇੱਕ ਚੈੱਕ ਅਲੱਗ ਤੋਂ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।
ਉਨ੍ਹਾਂ ਨੇ ਪਿੰਡ ਵਾਲਿਆਂ ਦੀ ਮੰਗ ਪਿੰਡ ਵਿੱਚ ਹਸਪਤਾਲ, ਸੜਕਾਂ ਚੌੜੀਆਂ ਕਰਨ ਅਤੇ ਸਟੇਡੀਅਮ ਬਣਾਉਣ ਸਬੰਧੀ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਪਿੰਡ ਵਿੱਚ ਸਹੂਲਤਾਂ ਦੇਣ ਲਈ ਯੋਗ ਕਦਮ ਉਠਾਏ ਜਾਣਗੇ।
ਸ਼ਹੀਦ ਕੁਲਦੀਪ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਵਿਧਾਇਕ ਜ਼ੀਰਾ ਨਰੇਸ਼ ਕਟਾਰੀਆਂ, ਵਿਧਾਇਕ ਰਣਬੀਰ ਸਿੰਘ ਭੁੱਲਰ ਤੇ ਵਿਧਾਇਕ ਰਜਨੀਸ਼ ਦਹੀਆ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸ਼ਹੀਦ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਅਮ੍ਰਿਤ ਸਿੰਘ ਤੇ ਐੱਸ.ਐੱਸ.ਪੀ. ਚਰਨਜੀਤ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਅਰਵਿੰਦ ਪ੍ਰਕਾਸ਼ ਵਰਮਾ ਸਣੇ ਹੋਰ ਅਧਿਕਾਰੀ ਵੀ ਹਾਜ਼ਰ ਸਨ।