ਸੰਜੀਵ ਹਾਂਡਾ
ਫਿਰੋਜ਼ਪੁਰ, 5 ਅਪਰੈਲ
ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪਾਰਟੀ ਦੇ ਸੀਨੀਅਰ ਆਗੂ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ। ਕਾਂਗਰਸ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਕੀਤੇ ਗਏ ਇਸ ਮੁਜ਼ਾਹਰੇ ਨੂੰ ‘ਝੂਠ ਦਾ ਭਾਂਡਾ ਚੁਰਾਹੇ ਵਿੱਚ ਭੰਨਣ’ ਦਾ ਨਾਮ ਦਿੱਤਾ ਗਿਆ ਹੈ।
ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਤਾ ਨਾਲ ਝੂਠੇ ਵਾਅਦੇ ਕਰਕੇ ਪੰਜਾਬ ਦੀ ਜਨਤਾ ਨੂੰ ਭਰਮਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਕੇਜਰੀਵਾਲ ਦੀ ਪਾਰਟੀ ਵੱਲੋਂ ਝੂਠੀ ਇਸ਼ਤਿਹਾਰਬਾਜ਼ੀ ਰਾਹੀਂ ਦੋਹਰੇ ਮਾਪਦੰਡ ਅਪਣਾਉਂਦਿਆਂ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਹੁਣ ਇਨ੍ਹਾਂ ਦੋਵਾਂ ਪਾਰਟੀਆਂ ਦੀਆਂ ਕੋਝੀਆਂ ਚਾਲਾਂ ਅਤੇ ਝੂਠੇ ਵਾਅਦਿਆਂ ਦਾ ਭਾਂਡਾ ਚੁਰਾਹੇ ਵਿੱਚ ਆ ਕੇ ਭੰਨਿਆ ਜਾਵੇ। ਇਸ ਮੌਕੇ ਪਾਰਟੀ ਦੇ ਹੋਰਨਾਂ ਆਗੂਆਂ ਨੇ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਆਪਣੀ ਭੜਾਸ ਕੱਢੀ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਸਰਕਾਰ ਅਤੇ ’ਆਪ’ ਉੱਤੇ ਹੱਲਾ ਬੋਲਦਿਆਂ ਅਰਥੀ ਫੂਕ ਮੁਜ਼ਾਹਰਾ ਕੀਤਾ। ਇਸ ਤੋਂ ਪਹਿਲਾਂ ਸਥਾਨਕ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਪਾਰਟੀ ਆਗੂਆਂ ਨੇ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ ’ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਅਕਾਲੀ ਦਲ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਤੇ ’ਆਪ’ ਆਗੂ ਜਨਤਾ ਨੂੰ ਗੁਮਰਾਹ ਕਰਨ ਲਈ ਝੂਠੀਆਂ ਸਹੁੰਆਂ ਖਾਣ ਦੇ ਆਦੀ ਹਨ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਹੇਠ ਅਕਾਲੀ ਦਲ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਨੇੜੇ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਕਥਿਤ ਤੌਰ ’ਤੇ ਝੂਠਾ ਦਾ ਪੁਲੰਦਾ ਕਰਾਰ ਦਿੱਤਾ ਗਿਆ। ਰੋਜ਼ੀ ਬਰਕੰਦੀ ਨੇ ਕਿਹਾ ਕਿ ਕਾਂਗਰਸ ਨੇ ਨਾ ਤਾਂ ਨਸ਼ਾ ਰੋਕਿਆ ਤੇ ਨਾ ਹੀ ਰੁਜ਼ਗਾਰ ਦਿੱਤਾ। ਇਸੇ ਤਰ੍ਹਾਂ ਪਾਣੀਆਂ ਦੇ ਮੁੱਦੇ ’ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ’ਤੇ ਵੀ ਕਾਂਗਰਸ ਤੇ ਆਪ ਦੇ ਲੋਕ ਸਭਾ ਮੈਂਬਰਾਂ ਦਾ ਪੱਖ ਸਪੱਸ਼ਟ ਨਹੀਂ ਹੈ।
ਜੈਤੋ (ਸ਼ਗਨ ਕਟਾਰੀਆ): ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਇੱਥੇ ਬੱਸ ਸਟੈਂਡ ਵਿੱਚ ਧਰਨਾ ਦਿੱਤਾ ਗਿਆ। ਪਾਰਟੀ ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਦੀ ਅਗਵਾਈ ’ਚ ਹੋਏ ਇਸ ਪ੍ਰਦਰਸ਼ਨ ਦੌਰਾਨ ਪਾਰਟੀ ਦੇ ਸੰਯੁਕਤ ਸਕੱਤਰ ਗੁਰਚੇਤ ਸਿੰਘ ਢਿੱਲੋਂ, ਇਸਤਰੀ ਅਕਾਲੀ ਦਲ ਦੇ ਜਨਰਲ ਸਕੱਤਰ ਅਮਰਜੀਤ ਕੌਰ ਪੰਜਗਰਾਈਂ, ਨਗਰ ਕੌਂਸਲ ਜੈਤੋ ਦੇ ਸਾਬਕਾ ਪ੍ਰਧਾਨ ਯਾਦਵਿੰਦਰ ਸਿੰਘ ਸਮੇਤ ਬਹੁਤ ਸਾਰੇ ਵਰਕਰ ਸ਼ਾਮਿਲ ਹੋਏ।
ਲੰਬੀ ਧਰਨੇ ਵਿੱਚ ਉੱਠਿਆ ਪੇਂਡੂ ਵਿਕਾਸ ’ਚ ਘਪਲਿਆਂ ਦਾ ਮੁੱਦਾ
ਲੰਬੀ (ਇਕਬਾਲ ਸਿੰਘ ਸ਼ਾਂਤ): ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅੱਜ ਇੱਥੇ ‘ਪੰਜਾਬ ਮੰਗਦਾ ਜਵਾਬ’ ਬੈਨਰ ਤਹਿਤ ਹਲਕਾ ਪੱਧਰੀ ਧਰਨਾ ਲਗਾਇਆ ਗਿਆ। ਧਰਨੇ ’ਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ’ਚ ਪੇਂਡੂ ਵਿਕਾਸ ਦੀ ਓਟ ਵਿੱਚ ਘਪਲਿਆਂ ਦਾ ਮੁੱਦਾ ਉਭਾਰਿਆ ਗਿਆ। ਮਗਨਰੇਗਾ ਦੇ ਕਾਰਜਾਂ ਦੀ ਕੁਆਲਿਟੀ ਅਤੇ ਕਾਂਗਰਸੀਆਂ ਦੀ ਇੰਟਰਲਾਕ ਟਾਈਲ ਫੈਕਟਰੀਆਂ ਤੋਂ ਮਾੜੀਆਂ ਟਾਈਲਾਂ ਨਾਲ ਗਲੀਆਂ ਬਣਨ ਦੀ ਅਕਾਲੀ ਸਰਕਾਰ ਬਣਨ ’ਤੇ ਪੜਤਾਲ ਦੀ ਗੱਲ ਆਖੀ ਗਈ। ਇਸ ਮੌਕੇ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ ਤੇਜਿੰਦਰ ਸਿੰਘ ਮਿੱਡੂਖੇੜਾ, ਅਕਾਲੀ ਦਲ ਸਰਕਲ ਲੰਬੀ ਦੇ ਪ੍ਰਧਾਨ ਅਵਤਾਰ ਸਿੰਘ ਬਨਵਾਲਾ, ਸੀਨੀਅਰ ਯੂਥ ਆਗੂ ਪਰਮਿੰਦਰ ਸਿੰਘ ਕੋਲਿਆਂਵਾਲੀ ਅਤੇ ਭਗਵੰਤ ਸਿੰਘ ਮਿੱਡਾ ਨੇ ਧਰਨੇ ਨੂੰ ਸੰਬੋਧਨ ਕੀਤਾ।