ਜਗਜੀਤ ਸਿੱਧੂ
ਤਲਵੰਡੀ ਸਾਬੋ, 30 ਅਕਤੂਬਰ
ਸਥਾਨਕ ਸ਼ਹਿਰ ਦੇ ਰੋੜੀ ਰੋਡ ਸਥਿਤ ਲੋਹੇ ਸੀਮਿੰਟ ਦੀ ਦੁਕਾਨ ਚਲਾ ਰਹੇ ਦੁਕਾਨਦਾਰ ਵੱਲੋਂ ਸਾਮਾਨ ਉਧਾਰ ਦੇਣ ਤੋਂ ਜਵਾਬ ਦੇਣ ਕਾਰਨ ਇੱਕ ਵਿਅਕਤੀ ਨੇ ਅੱਜ ਬਾਅਦ ਦੁਪਹਿਰ ਆਪਣੇ ਪਿਸਤੌਲ ਨਾਲ ਦੁਕਾਰਨਦਾਰ ‘ਤੇ ਫਾਇਰਿੰਗ ਕਰ ਦਿੱਤੀ। ਦੁਕਾਨਦਾਰ ਨੇ ਭੱਜ ਕੇ ਆਪਣੀ ਜਾਨ ਬਚਾਈ। ਤਲਵੰਡੀ ਸਾਬੋ ਪੁਲੀਸ ਨੇ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਲਵੰਡੀ ਸਾਬੋ ਦੇ ਰੋੜੀ ਰੋਡ ‘ਤੇ ਸਥਿਤ ਅਗਰਵਾਲ ਆਇਰਨ ਸਟੋਰ ਦੇ ਮਾਲਕ ਪ੍ਰਸ਼ੋਤਮ ਕੁਮਾਰ ਉਰਫ ਤੋਤੀ ਨੇ ਪੁਲੀਸ ਨੂੰ ਦਰਜ ਕਰਵਾਏ ਬਿਆਨ ਵਿੱਚ ਦੱਸਿਆ ਕਿ ਜਦ ਉਹ ਆਪਣੀ ਦੁਕਾਨ ‘ਤੇ ਕੰਮ ਰਿਹਾ ਸੀ ਤਾਂ ਕਲਕੱਤਾ ਸਿੰਘ ਆਪਣੇ ਬੁਲੇਟ ਮੋਟਰਸਾਈਕਲ ‘ਤੇ ਆਇਆ ਜਿਸ ਨੇ ਕਾਊਂਟਰ ‘ਤੇ ਆਪਣਾ ਪਿਸਤੌਲ ਰੱਖ ਕੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਤਾਂ ਕੋਲ ਖੜ੍ਹੇ ਸਤਪਾਲ ਸਿੰਘ ਨੇ ਅੱਗੇ ਹੋ ਕੇ ਉਸ ਨੂੰ ਰੋਕ ਲਿਆ। ਪ੍ਰਸ਼ੋਤਮ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਜਾਨ ਬਚਾ ਕੇ ਆਪਣੀ ਦੁਕਾਨ ਦੇ ਪਿਛਲੇ ਦਰਵਾਜ਼ੇ ਰਾਹੀਂ ਭੱਜਣ ਲੱਗਿਆ ਤਾਂ ਉਸ ਨੇ ਫਾਇਰ ਕਰ ਦਿੱਤਾ ਤੇ ਉਸ ਦੇ ਹੇਠਾਂ ਬੈਠਣ ਕਾਰਨ ਫਾਇਰ ਸਿਰ ਉਪਰ ਦੀ ਲੰਘ ਗਿਆ।
ਪ੍ਰਸ਼ੋਤਮ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੇ ਦੁਕਾਨ ਦੇ ਬਾਹਰ ਵੀ ਫਾਇਰਿੰਗ ਕੀਤੀ। ਦੁਕਾਨਦਾਰ ਨੇ ਦੱਸਿਆ ਕਿ ਉਸ ਨੇ ਉਕਤ ਵਿਅਕਤੀ ਤੋਂ ਦੁਕਾਨ ਦੇ ਸਾਮਾਨ ਦੇ ਪਹਿਲਾਂ ਪੈਸੇ ਲੈਣੇ ਹਨ ਪਰ ਬੀਤੇ ਦਿਨ ਹੋਰ ਉਧਰ ਸਾਮਾਨ ਮੰਗ ਰਿਹਾ ਸੀ ਜਿਸ ਤੋਂ ਉਸ ਨੇ ਜਵਾਬ ਦੇ ਦਿੱਤਾ ਸੀ। ਅੱਜ ਉਸ ਵਿਅਕਤੀ ਨੇ ਉਸ ਉੱਪਰ ਫਾਇਰ ਕਰ ਦਿੱਤੇ।