ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 20 ਜੁਲਾਈ
ਇੱਥੋਂ ਦੇ ਪਿੰਡ ਜੰਡਵਾਲਾ ਚੜ੍ਹਤ ਸਿੰਘ ਵਿੱਚ ਉੱਤਰੀ ਭਾਰਤ ਦਾ ਪਹਿਲਾ ਝੀਂਗਾ ਪ੍ਰੋਸੈਸਿੰਗ ਪਲਾਂਟ ਲੱਗਣ ਨਾਲ ਵਪਾਰ ਦੇ ਖੇਤਰ ਵਿੱਚ ਇਹ ਪਿੰਡ ਸੁਰਖੀਆਂ ਵਿੱਚ ਆ ਗਿਆ ਹੈ| ਸੇਮ ਮਾਰੇ ਇਸ ਪਿੰਡ ਵਿੱਚ ਰਮਨਦੀਪ ਕੌਰ ਨੇ ਝੀਂਗਾ ਮੱਛੀ ਪਾਲਣ ਦਾ ਧੰਦਾ ਸ਼ੁਰੂ ਕੀਤਾ ਸੀ| ਹੌਲੀ-ਹੌਲੀ ਇਸ ਖੇਤਰ ‘ਚ ਮੁਹਾਰਤ ਹਾਸਲ ਕਰਦਿਆਂ ਉਸ ਨੇ ਇਸ ਦਾ ਪ੍ਰੋਸੈਸਿੰਗ ਪਲਾਂਟ ਲਾਉਣ ਦਾ ਫੈਸਲਾ ਕੀਤਾ ਤਾਂ ਜੋ ਮੱਛੀ ਦੀ ਪੈਕਿੰਗ ਕਰ ਕੇ ਦੂਰ ਦੁਰਾਡੇ ਭੇਜੀ ਜਾ ਸਕੇ। ਇਸ ਸਬੰਧੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕਿ ਝੀਂਗਾ ਮੱਛੀ ਸੇਮ ਵਾਲੇ ਖੇਤਰ ਲਈ ਬਹੁਤ ਵਧੀਆ ਉਦਯੋਗ ਹੈ| ਇਸ ਪ੍ਰੋਸੈਸਿੰਗ ਪਲਾਂਟ ਦੇ ਲੱਗਣ ਨਾਲ ਝੀਂਗਾ ਪਾਲਕਾਂ ਨੂੰ ਵਾਧੂ ਲਾਹਾ ਮਿਲੇਗਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਦੱਖਣੀ ਪੱਛਮੀ ਜ਼ਿਲ੍ਹਿਆਂ ਵਿੱਚ ਝੀਂਗੇ ਵੱਲ ਕਿਸਾਨਾਂ ਦਾ ਕਾਫੀ ਰੁਝਾਨ ਵਧਿਆ ਹੈ| ਇਸ ਵਰ੍ਹੇ ਮੁਕਤਸਰ ਜ਼ਿਲ੍ਹੇ ਵਿੱਚ ਤਕਰੀਬਨ 600 ਏਕੜ ਵਿੱਚ 150 ਕਿਸਾਨਾਂ ਵੱਲੋਂ ਝੀਂਗਾ ਪਾਲਣ ਦਾ ਧੰਦਾ ਕੀਤਾ ਜਾ ਰਿਹਾ ਹੈ| ਇਸ ਕਿੱਤੇ ਤੋਂ ਕਿਸਾਨ 3-5 ਲੱਖ ਰੁਪਏ ਪ੍ਰਤੀ ਏਕੜ ਮੁਨਾਫਾ ਕਮਾ ਰਹੇ ਹਨ, ਪਰ ਕਾਸ਼ਤਕਾਰਾਂ ਨੂੰ ਝੀਂਗਾ ਵੇਚਣ ਅਤੇ ਸਾਂਭ ਸੰਭਾਲ ਲਈ ਮੁਸ਼ਕਲਾਂ ਆ ਰਹੀਆਂ ਸਨ। ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਝੀਂਗਾ ਫਾਰਮਰਾਂ ਲਈ ‘ਪ੍ਰਧਾਨ ਮੰਤਰੀ ਮੱਤਸਯ ਸੰਪਦਾ ਯੋਜਨਾ’ ਅਧੀਨ ਕੋਲਡ ਸਟੋਰ ਤੇ ਪ੍ਰੋਸੈਸਿੰਗ ਪਲਾਂਟ ਲਈ ਪ੍ਰਵਾਨਗੀ ਰਮਨਦੀਪ ਕੌਰ ਨੂੰ ਪ੍ਰਦਾਨ ਕੀਤੀ ਹੈ|