ਸੀ. ਮਾਰਕੰਡਾ
ਤਪਾ ਮੰਡੀ, 31 ਜੁਲਾਈ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸਬ-ਡਿਵੀਜ਼ਨਲ ਹਸਪਤਾਲ ਤਪਾ ਮੰਡੀ ਵਿੱਚ ਮਾਈ ਦੌਲਤਾਂ ਨੂੰ ਸਮਰਪਿਤ 20 ਬਿਸਤਰਿਆਂ ਦੀ ਸਹੂਲਤ ਵਾਲੇ ਜ਼ੱਚਾ-ਬੱਚਾ ਹਸਪਤਾਲ, ਕੰਟੀਨ ਤੇ ਮੌਰਚਰੀ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਹਸਪਤਾਲ ਵਿੱਚ ਨਵੇਂ ਬਲੱਡ ਸਟੋਰੇਜ ਯੂਨਿਟ ਅਤੇ ਡਾਇਲਸਿਸ ਮਸ਼ੀਨ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ, ਐੱਸਐੱਸਪੀ ਸੰਦੀਪ ਗੋਇਲ ਅਤੇ ਸਿਵਲ ਸਰਜਨ ਡਾ. ਗੁਰਿੰਦਰਬਰ ਸਿੰਘ ਵੀ ਹਾਜ਼ਰ ਸਨ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਤਪਾ ਦਾ ਹਸਪਤਾਲ 70 ਬੈੱਡਾਂ ਵਾਲਾ ਹਸਪਤਾਲ ਬਣ ਗਿਆ ਹੈ, ਜਿੱਥੇ ਹਰ ਤਰ੍ਹਾਂ ਦਾ ਇਲਾਜ ਹੋ ਸਕੇਗਾ। ਉਨ੍ਹਾਂ ਕਿਹਾ ਕਿ 5 ਕਰੋੜ 8 ਲੱਖ ਰੁਪਏ ਦੀ ਲਾਗਤ ਨਾਲ 22 ਹਜ਼ਾਰ ਸੁਕੇਅਰ ਫੁੱਟ ਖੇਤਰ ਦੇ ਇਸ ਹਸਪਤਾਲ ਵਿੱਚ ਨਵੀਆਂ ਇਮਾਰਤਾਂ ਬਣਨ ਨਾਲ ਤਪਾ ਵਾਸੀਆਂ ਦੀ ਮੰਗ ਪੂਰੀ ਹੋ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਕਾਇਦਾ ਨੋਟੀਫਾਈ ਕਰਨ ਮਗਰੋਂ ਸੂਬੇ ਵਿੱਚ ਬਣਨ ਵਾਲੇ ਸਾਰੇ ਹੀ ਜ਼ੱਚਾ-ਬੱਚਾ ਹਸਪਤਾਲਾਂ ਦਾ ਨਾਮ ਗੁਰੂ ਨਾਨਕ ਦੇਵ ਦੇ ਪਹਿਲੇ ਦਰਸ਼ਨ ਕਰਨ ਵਾਲੀ ਮਾਈ ਦੌਲਤਾਂ ਦੇ ਨਾਮ ਉਪਰ ਹੋਵੇਗਾ। ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਨੇ ਜ਼ਿਲ੍ਹਾ ਬਰਨਾਲਾ ਵਿਚ 9865 ਲਾਭਪਾਤਰੀਆਂ ਨੂੰ ਲੌਕਡਾਊਨ ਦੌਰਾਨ ਤਿੰਨ-ਤਿੰਨ ਹਜ਼ਾਰ ਦੀ ਰਾਸ਼ੀ ਦੋ ਵਾਰ ਵਿੱਤੀ ਸਹਾਇਤਾ ਵਜੋਂ ਦਿੱਤੀ ਹੈ। ਐੱਸਐੱਮਓ ਡਾ. ਜਸਬੀਰ ਸਿੰਘ ਔਲਖ ਨੇ ਤਪਾ ਹਸਪਤਾਲ ਦੀ ਹਰ ਲੋੜ ਪਹਿਲ ਦੇ ਆਧਾਰ ’ਤੇ ਪੂਰੀ ਕਰਨ ਲਈ ਬਲਬੀਰ ਸਿੱਧੂ ਦਾ ਧੰਨਵਾਦ ਕੀਤਾ। ਇਸ ਮੌਕੇ ਹਰਕੇਸ਼ ਸ਼ਰਮਾ, ਅਮਰਜੀਤ ਸਿੰਘ ਧਾਲੀਵਾਲ ਸੂਬਾ ਸਕੱਤਰ ਅਤੇ ਆਸ਼ੂ ਭੂਤ ਮੌਜੂਦ ਸੀ।