ਜੋਗਿੰਦਰ ਸਿੰਘ ਮਾਨ
ਮਾਨਸਾ, 14 ਅਕਤੂਬਰ
ਇਥੋਂ ਦੀ ਅਦਾਲਤ ਨੇ ਅੱਜ ਦੀਪਕ ਟੀਨੂ ਦੀ ਕਥਿਤ ਪ੍ਰੇਮਿਕਾ ਜਤਿੰਦਰ ਕੌਰ ਅਤੇ ਜਗਤਾਰ ਸਿੰਘ ਮੂਸਾ ਦਾ ਚਾਰ-ਚਾਰ ਦਿਨਾਂ ਦਾ ਪੁਲੀਸ ਰਿਮਾਂਡ ਦਿੱਤਾ ਹੈ। ਪੁਲੀਸ ਨੇ ਦੋਨਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਮੁਆਇਨਾ ਕਰਾਉਣ ਤੋਂ ਬਾਅਦ ਵੱਖ ਵੱਖ ਤੌਰ ’ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਰਿਮਾਂਡ ਹਾਸਲ ਕਰਨ ਲਈ ਅਰਜ਼ੀ ਦਾਖਲ ਕੀਤੀ ਗਈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਹੁਣ 18 ਅਕਤੂਬਰ ਨੂੰ ਮਾਨਸਾ ਦੀ ਅਦਾਲਤ ਵਿੱਚ ਮੁੜ ਪੇਸ਼ ਕੀਤਾ ਜਾਵੇਗਾ। ਜਗਤਾਰ ਸਿੰਘ ਮੂਸਾ ਨੂੰ ਪੁਲੀਸ ਨੇ ਉਸ ਵੇਲੇ ਕਾਬੂ ਕੀਤਾ ਗਿਆ ਸੀ, ਉਹ ਜਦੋਂ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਦੁਬਈ ਜਾ ਰਿਹਾ ਸੀ, ਜਦੋਂ ਕਿ ਜਤਿੰਦਰ ਕੌਰ ਨੂੰ ਮੁੰਬਈ ਦੇ ਹਵਾਈ ਅੱਡੇ ਤੋਂ ਕੁਝ ਦਿਨ ਪਹਿਲਾਂ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਫੜ੍ਹ ਕੇ ਲਿਆਂਦਾ ਗਿਆ ਸੀ।