ਜੋਗਿੰਦਰ ਸਿੰਘ ਮਾਨ
ਮਾਨਸਾ 11 ਜੂਨ
ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ਹੈ। ਪਹਿਲੀ ਵਾਰ ਉਸ ਦੇ ਮਾਪੇ, ਪਰਿਵਾਰਕ ਮੈਂਬਰ, ਰਿਸ਼ਤੇਦਾਰ, ਦੋਸਤ, ਮਿੱਤਰ ਅਤੇ ਪ੍ਰਸ਼ੰਸਕ ਉਸ ਦੇ ਇਸ ਦੁਨੀਆ ਵਿੱਚ ਨਾ ਹੋਣ ਦੇ ਬਾਵਜੂਦ ਜਨਮ ਦਿਨ ਦਿਹਾੜੇ ਨੂੰ ਮਨਾ ਰਹੇ ਹਨ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਚ 29 ਮਈ ਨੂੰ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਅੱਜ ਉਹ 29 ਸਾਲ ਦੇ ਹੋ ਜਾਣੇ ਸਨ। ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਉਸ ਦੇ ਪ੍ਰਸ਼ੰਸਕ ਚੰਗੀਆਂ ਮੁਹਿੰਮਾਂ ਦੀ ਸ਼ੁਰੂਆਤ ਕਰਨ ਲਈ ਯਤਨਸ਼ੀਲ ਹਨ। ਭਾਵੇਂ ਭੋਗ ਮੌਕੇ ਵੀ ਵੱਖ ਵੱਖ ਸੰਸਥਾਵਾਂ ਵੱਲ੍ਹੋਂ ਖੂਨਦਾਨ, ਪੌਦੇ ਵੰਡਣ, ਪੱਗਾਂ ਬੰਨ੍ਹਣ ਵਰਗੇ ਸਾਰਥਿਕ ਕਾਰਜ ਕੀਤੇ ਸਨ ਪਰ ਉਹ ਅੱਜ ਜਨਮ ਦਿਨ ਮੌਕੇ ਵੀ ਚੰਗੀਆਂ ਪਿਰਤਾਂ ਪਾ ਕੇ ਸਮਾਜ ਨੂੰ ਚੰਗਾ ਸਨੇਹਾ ਦੇਣ ਲਈ ਉਪਰਾਲੇ ਕਰ ਰਹੇ ਹਨ। ਨਹਿਰੂ ਯੁਵਾ ਕੇਂਦਰ ਮਾਨਸਾ ਦੀ ਅਗਵਾਈ ’ਚ ਵੀ ਕਲੱਬਾਂ ਵੱਲੋਂ ਰੁੱਖ ਲਗਾਉਣ ਦੀ ਚਲਾਈ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਯੁਵਾ ਕੇਂਦਰ ਦੇ ਪ੍ਰਬੰਧਕੀ ਅਫਸਰ ਸੰਦੀਪ ਘੰਡ ਅਤੇ ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ ਦਾ ਕਹਿਣਾ ਹੈ ਕਿ ਬੇਸ਼ੱਕ ਸਿੱਧੂ ਮੂਸੇਵਾਲਾ ਨਹੀਂ ਰਹੇ, ਪਰ ਉਨ੍ਹਾਂ ਨੂੰ ਵੱਖ ਵੱਖ ਸਾਰਥਿਕ ਮੁਹਿੰਮਾਂ ਰਾਹੀਂ ਜਿਉਂਦਾ ਰੱਖਿਆ ਜਾਵੇਗਾ। ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸਿੱਧੂ, ਜਗਜੀਵਨ ਸਿੰਘ ਮੂਸਾ, ਸਾਬਕਾ ਬਲਾਕ ਸਮਿਤੀ ਚੇਅਰਮੈਨ ਗੁਰਸ਼ਰਨ ਸਿੰਘ ਸ਼ਰਨੀ ਦਾ ਕਹਿਣਾ ਹੈ ਪਿੰਡ ਵਿਖੇ ਬਣਨ ਵਾਲੀਆਂ ਯਾਦਗਾਰਾਂ, ਸੰਸਥਾਵਾਂ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਲਈ ਹਰ ਸਹਿਯੋਗ ਕਰਨਗੇ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਮਾਤਾ ਚਰਨ ਕੌਰ ਬੇਸ਼ੱਕ ਡੂੰਘੇ ਸਦਮੇ ਚ ਹਨ ਪਰ ਉਨ੍ਹਾਂ ਦਾ ਕਹਿਣਾ ਕਿ ਜੋ ਮਾਣ ਸਤਿਕਾਰ ਉਹ ਦੁਨੀਆਂ ’ਚ ਛੋਟੀ ਉਮਰੇ ਖੱਟ ਗਿਆ, ਉਸ ਨੇ ਜਿਥੇ ਦਰਦ ਨੂੰ ਘਟਾਇਆ ਹੈ।