ਜਗਤਾਰ ਅਣਜਾਣ
ਮੌੜ ਮੰਡੀ, 5 ਜੁਲਾਈ
ਕਾਂਗਰਸੀ ਵਰਕਰਾਂ ਵਿੱਚ ਬੀਤੇ ਦਿਨੀਂ ਉਸ ਸਮੇਂ ਨਵੀਂ ਰੂਹ ਫੂਕੀ ਗਈ ਜਦੋਂ ਹਲਕਾ ਮੌੜ ਤੋਂ ਵਿਧਾਇਕ ਦੀ ਚੋਣ ਲੜਨ ਵਾਲੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਹਲਕਾ ਮੌੜ ਦਾ ਇੰਚਾਰਜ ਲਾ ਦਿੱਤਾ ਗਿਆ । ਹਲਕੇ ਅੰਦਰ ਆਪਣੇ ਪੁਰਾਣੇ ਬਿਗ੍ਰੇਡ ਨੂੰ ਦੁਬਾਰਾ ਕਾਇਮ ਕਰਨ ਦੇ ਯਤਨ ਸ਼ੁਰੂ ਕਰਨ ਦੇ ਨਾਲ ਹੀ ਮੰਗਤ ਰਾਏ ਬਾਂਸਲ ਟਕਸਾਲੀ ਕਾਂਗਰਸੀ ਬੋਘਾ ਸਿੰਘ ਸਿੱਧੂ ਨੂੰ ਮਾਰਕੀਟ ਕਮੇਟੀ ਮੌੜ ਦਾ ਚੇਅਰਮੈਨ ਲਗਵਾਉਣ ਵਿੱਚ ਸਫ਼ਲ ਰਹੇ ਹਨ। ਅੱਜ ਨਵ-ਨਿਯੁਕਤ ਚੇਅਰਮੈਨ ਬੋਘਾ ਸਿੰਘ ਸਿੱਧੂ ਅਤੇ ਉੱਪ ਚੇਅਰਮੈਨ ਵਿਜੈ ਕੁਮਾਰ ਸਿੰਗਲਾ ਵੱਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ। ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਅਤੇ ਉਨ੍ਹਾਂ ਦੀ ਧਰਮਪਤਨੀ ਮੰਜੂ ਬਾਂਸਲ ਜ਼ਿਲ੍ਹਾ ਪ੍ਰਧਾਨ ਮਾਨਸਾ ਹਾਜ਼ਰ ਸਨ । ਇਸ ਮੌਕੇ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਉਹ ਮੌੜ ਹਲਕੇ ਦੇ ਵਿਕਾਸ ਲਈ ਆਪਣੇ ਵੱਲੋਂ ਪੂਰਾ ਜ਼ੋਰ ਲਗਾ ਰਹੇ ਹਨ । ਮਾਰਕੀਟ ਕਮੇਟੀ ਦੇ ਜੋ ਵੀ ਕੰਮ ਕਾਰ ਹਨ ਉਹਨਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਉਣ ਦਾ ਯਤਨ ਕਰਨਗੇ। ਚੇਅਰਮੈਨ ਬੋਘਾ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਚੇਅਰਮੈਨ ਦਾ ਅਹੁਦਾ ਦੇ ਕੇ ਜੋ ਉਨ੍ਹਾਂ ਦਾ ਮਾਣ ਸਤਿਕਾਰ ਵਧਾਇਆ ਹੈ ਉਹ ਉਸ ਲਈ ਸ਼ੁਕਰਗੁਜ਼ਾਰ ਹਨ। ਇਸ ਮੌਕੇ ਸਾਬਕਾ ਪ੍ਰਧਾਨ ਕਰਨੈਲ ਸਿੰਘ, ਰਜਿੰਦਰ ਸਿੰਘ ਜੋਧਪੁਰ ਬਲਾਕ ਮੌੜ ਪ੍ਰਧਾਨ, ਸੁਰਜੀਤ ਸਿੰਘ ਖੋਖਰ ਬਲਾਕ ਰਾਮਪੁਰਾ ਪ੍ਰਧਾਨ, ਗੁਰਧਿਆਨ ਸਿੰਘ ਮਣਕੂ, ਬਲੌਰ ਸਿੰਘ ਤੇ ਬਿੰਦਰ ਸਿੰਘ ਬਿੱਲਾ ਘੁੰਮਣ ਤੋਂ ਇਲਾਵਾ ਕਾਂਗਰਸੀ ਵਰਕਰ ਹਾਜ਼ਰ ਸਨ।