ਪਵਨ ਗੋਇਲ
ਭੁੱਚੋ ਮੰਡੀ, 26 ਦਸੰਬਰ
ਪਿੰਡ ਲਹਿਰਾ ਮੁਹੱਬਤ ਦੇ ਵਾਸੀਆਂ ਨੇ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦਾ ਪਿੰਡ ਵਿੱਚ ਘਿਰਾਓ ਕਰਕੇ ਉਸ ਖ਼ਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਉਹ ਪਿੰਡ ਵਿੱਚ ਦੋ ਸੜਕਾਂ ਦਾ ਨੀਂਹ ਪੱਥਰ ਰੱਖਣ ਲਈ ਆਏ ਸਨ। ਵੀਹ ਮਿੰਟ ਦੇ ਤਿੱਖੇ ਵਿਰੋਧ ਕਾਰਨ ਉਹ ਵਾਪਸ ਮੁੜ ਗਏ ਅਤੇ ਕਾਂਗਰਸੀਆਂ ਦੇ ਸਹਿਯੋਗ ਨਾਲ ਹੋਰ ਰਸਤੇ ਰਾਹੀਂ ਜਾ ਕੇ ਨੀਂਹ ਪੱਥਰ ਰੱਖੇ। ਇਸ ਮੌਕੇ ਨਗਰ ਪੰਚਾਇਤ ਵਿਰੋਧੀ ਸੰਘਰਸ਼ ਕਮੇਟੀ ਦੇ ਮੈਂਬਰ ਨਿਰਮਲ ਸਿੰਘ ਨਿੰਮਾ ਅਤੇ ਸ਼ੈਂਪੀ ਸਿੰਘ, ਜੀਐਚਟੀਪੀ ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਅਤੇ ਜਗਸੀਰ ਸਿੰਘ ਭੰਗੂ, ਭਾਕਿਯੂ ਸਿੱਧੂਪੁਰ ਦੇ ਆਗੂ ਜਗਸੀਰ ਸਿੰਘ ਸਿੱਧੂ ਅਤੇ ਭਾਕਿਯੂ ਡਕੌਂਦਾ ਦੇ ਜਗਦੇਵ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਅਕਾਲੀ ਸਰਕਾਰ ਸਮੇਂ ਬਣਾਈ ਗਈ ਨਗਰ ਪੰਚਾਇਤ ਨੂੰ ਮੁੜ ਗਰਾਮ ਪੰਚਾਇਤ ਬਣਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸੇ ਦੌਰਾਨ ਪਿੰਡ ਦੇ ਸਿਆਸੀ ਆਗੂਆਂ ਅਤੇ ਪਿੰਡ ਵਾਸੀਆਂ ਨੇ ਪੂਰੀ ਸਹਿਮਤੀ ਨਾਲ ਨਗਰ ਪੰਚਾਇਤ ਚੋਣਾਂ ਨਾ ਲੜਨ ਦਾ ਅਹਿਦ ਕੀਤਾ ਗਿਆ ਸੀ। ਪਰ ਕੁਝ ਕਾਂਗਰਸੀ ਆਗੂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਫਾਰਮ ਭਰਨ ਲਈ ਦਫ਼ਤਰ ਵਿੱਚ ਪਹੁੰਚ ਗਏ ਸਨ, ਜਿਨ੍ਹਾਂ ਦਾ ਪਿੰਡ ਵਾਸੀਆਂ ਨੇ ਘਿਰਾਓ ਕਰਕੇ ਪੱਕਾ ਧਰਨਾ ਲਗਾ ਦਿੱਤਾ ਸੀ।
ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਜਗਜੀਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਛੁਡਾਉਣ ਲਈ ਵਿਧਾਇਕ ਵੱਲੋਂ ਨਾਮਜ਼ਦਗੀਆਂ ਵਾਪਸ ਕਰਵਾਉਣ ਦਾ ਵਾਅਦਾ ਕੀਤਾ ਸੀ, ਜੋ ਪੂਰਾ ਨਹੀਂ ਕੀਤਾ। ਇਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ।