ਪਰਸ਼ੋਤਮ ਬੱਲੀ
ਬਰਨਾਲਾ, 8 ਜਨਵਰੀ
ਪੰਜਾਬ ਦੀਆਂ 32 ਅਤੇ ਭਾਰਤ ਭਰ ਦੀਆਂ 500 ਤੋਂ ਵਧੇਰੇ ਕਿਸਾਨ ਜਥੇਬੰਦੀਆਂ ਦੇ ਬਣੇ ਸੰਯੁੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ, ਬਰਨਾਲਾ-ਬਾਜਾਖ਼ਾਨਾ ਰੋਡ ’ਤੇ ਸਥਿਤ, ‘ਰਿਲਾਇੰਸ ਸਮਾਰਟ ਮਾਲ’ ਦੇ ਸਾਹਮਣੇ 97 ਦਿਨਾਂ ਤੋਂ ਲਗਾਤਾਰ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ (ਡਕੌਾਦਾ) ਦੇ ਜ਼ਿਲ੍ਹਾ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ, ਜਸਪਾਲ ਸਿੰਘ ਚੀਮਾ, ਮਲਕੀਤ ਸਿੰਘ ਗੋਧਾ, ਮੁੁਖਤਿਆਰ ਸਿੰਘ ਸੰਘੇੜਾ ਅਤੇ ਸੁੁਖਦੇਵ ਸਿੰਘ ਮੱਲੀ, ਮੇਜਰ ਸਿੰਘ ਸੰਘੇੜਾ ਤੇ ਭੋਲਾ ਸਿੰਘ ਕਰਮਗੜ੍ਹ ਨੇ ਕਿਹਾ ਕਿ ਕੱਲ੍ਹ ਕੇਂਦਰੀ ਖੇਤੀਬਾੜੀ ਮੰਤਰੀ ਨੇ ਬਿਆਨ ਦਿੱਤਾ ਹੈ ਕਿ ਖੇਤੀ ਕਾਨੂੰਨਾਂ ਨੂੰ ਛੱਡ ਕੇ ਸਰਕਾਰ ਕਿਸੇ ਵੀ ਤਜਵੀਜ਼ ’ਤੇ ਗ਼ੌਰ ਕਰਨ ਲਈ ਤਿਆਰ ਹੈ| ਇਹ ਬਿਆਨ ਕਿਸਾਨਾਂ ਦੇ ਰੋਹ ਨੂੰ ਲਾਂਬੂ ਲਾਉਣ ਵਾਲਾ ਹੈ| ਕਿਸਾਨ ਜਥੇਬੰਦੀਆਂ ਦੀ ਤਾਂ ਸੰਘਰਸ਼ ਦੇ ਪਹਿਲੇ ਦਿਨ ਤੋਂ ਮੁੱਖ ਮੰਗ ਹੀ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਹੈ| ਇੱਕ ਪਾਸੇ ਕੇਂਦਰ ਸਰਕਾਰ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਮਸਲੇ ਨੂੰ ਹੱਲ ਕਰਨ ਦਾ ਢੌਾਗ ਰਚ ਰਹੀ ਤੇ ਦੂਸਰੇ ਪਾਸੇ ਅਜਿਹੇ ਬਿਆਨ ਦੇ ਕੇ ਗੱਲਬਾਤ ਬੰਦ ਕਰਨ ਤੇ ਡੈੱਡਲਾਕ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ|
ਜ਼ੀਰਾ (ਹਰਮੇਸ਼ ਪਾਲ) ਰਿਲਾਇੰਸ ਪੈਟਰੋਲ ਪੰਪ ਵਲੂਰ ਵਿੱਚ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਅਗਵਾਈ ਵਿੱਚ ਲਗਾਇਆ ਗਿਆ ਧਰਨਾ 100ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਵੱਡੀਆਂ- ਵੱਡੀਆਂ ਸਿਆਸੀ ਪਾਰਟੀਆਂ ਕਾਰਪੋਰੇਟ ਘਰਾਣਿਆਂ ਤੋਂ ਚੁਣਾਵੀ ਚੰਦੇ ਦੇ ਨਾਮ ਉੱਤੇ ਕਰੋੜਾਂ ਰੁਪਏ ਦੀ ਰਿਸ਼ਵਤ ਲੈਂਦੇ ਹਨ ਤੇ ਸਰਕਾਰ ਆਉਣ ’ਤੇ ਕਾਰਪੋਰੇਟ ਘਰਾਣਿਆਂ ਦੇ ਫ਼ਾਇਦੇ ਲਈ ਕਾਨੂੰਨ ਬਣਾਉਂਦੇ ਹਨ। ਕਿਸਾਨੀ ਧੰਦਾ ਲੋਕਾਂ ਦਾ ਪੇਟ ਭਰਨ ਲਈ ਹੈ, ਪਰ ਕਾਰਪੋਰੇਟ ਘਰਾਣੇ ਇਸ ਵਿਚ ਵੜ ਕੇ ਕਿਸਾਨਾਂ ਅਤੇ ਆਮ ਲੋਕਾਂ ਦੀ ਲੁੱਟ ਕਰਨਾ ਚਾਹੁੰਦੇ ਹਨ । ਉਨ੍ਹਾਂ ਕਿਹਾ ਮੋਦੀ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ। ਇਸ ਸਮੇਂ ਕੁਲਵੰਤ ਸਿੰਘ, ਗੁਰਮੱਘਰ ਸਿੰਘ, ਪਿਆਰਾ ਸਿੰਘ, ਅਜੀਤ ਸਿੰਘ, ਮੁਖਤਿਆਰ ਸਿੰਘ ਤੇ ਅਨੋਖ ਸਿੰਘ ਵੀ ਹਾਜ਼ਰ ਸਨ।
ਕੇਂਦਰ ਸਰਕਾਰ ਦੀ ਤਲਖੀ ਕਾਰਨ ਕਿਸਾਨਾਂ ਵਿੱਚ ਰੋਹ ਵਧਿਆ
ਭੁੱਚੋ ਮੰਡੀ (ਪੱਤਰ ਪ੍ਰੇਰਕ) ਕੇਂਦਰ ਸਰਕਾਰ ਵੱਲੋਂ ਅੱਜ ਦੀ ਮੀਟਿੰਗ ਵਿੱਚ ਕਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕਿਸਾਨ ਆਗੂਆਂ ਨੂੰ ਦਿਖਾਈ ਤਲਖ਼ੀ ਕਾਰਨ ਕਿਸਾਨਾਂ ਵਿੱਚ ਰੋਹ ਵਧ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਨੂੰਨਾਂ ਖ਼ਿਲਾਫ਼ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪਰਾਈਜ਼ ਮਾਲ ਅੱਗੇ 100ਵੇਂ ਦਿਨ ਸ਼ਾਮਲ ਹੋਏ ਮੋਰਚਿਆਂ ਨੂੰ ਸੰਬੋਧਨ ਕਰਦਿਆਂ ਆਗੂ ਮੋਠੂ ਸਿੰਘ ਕੋਟੜਾ, ਬਲਜੀਤ ਸਿੰਘ ਪੂਹਲਾ, ਭੋਲਾ ਸਿੰਘ ਧੂਰਕੋਟ, ਇਕਬਾਲ ਸਿੰਘ ਅਤੇ ਮੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਸਮਝੌਤੇ ਲਈ ਬਾਬਾ ਲੱਖਾ ਸਿੰਘ ਨੂੰ ਵਿੱਚ ਪਾਉਣ ਵਾਲਾ ਨਵਾਂ ਪੈਂਤੜਾ ਖੇਡਿਆ ਹੈ। ਉਨ੍ਹਾਂ ‘ਜਾਂ ਮਰਾਂਗੇ, ਜਾਂ ਜਿੱਤਾਂਗੇ’ ਦੇ ਨਾਅਰੇ ਲਗਾਏ ਤੇ ਕਿਹਾ ਕਿ ਖੇਤੀ ਕਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।