ਰੋਹਿਤ ਗੋਇਲ
ਪੱਖੋ ਕੈਂਚੀਆਂ, 8 ਸਤੰਬਰ
ਪਿੰਡ ਪੱਖੋਕੇ ਗਰਿੱਡ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ‘ਚ ਵੱਖ-ਵੱਖ ਪਿੰਡਾਂ ਨਾਲ ਸਬੰਧਤ ਕਿਸਾਨਾਂ ਵੱਲੋਂ ਬਿਜਲੀ ਦੇ ਨਾਕਸ ਪ੍ਰਬੰਧਾਂ ਨੂੰ ਲੈ ਕੇ ਗਰਿੱਡ ਦਾ 6 ਘੰਟੇ ਤੱਕ ਘਿਰਾਓ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਚੋਣ ਮੈਨੀਫੈਸਟੋ ‘ਚ ਕਿਸਾਨਾਂ ਨਾਲ ਕੀਤੇ ਨਿਰਵਿਘਨ ਬਿਜਲੀ ਦੇ ਵਾਅਦੇ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਹੈ| ਉਨ੍ਹਾਂ ਕਿਹਾ ਕਿ ਜਦ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਇਆ ਉਦੋਂ ਤੋਂ ਕਿਸਾਨਾਂ ਨੂੰ ਬਿਜਲੀ ਸਪਲਾਈ ਪੂਰੀ ਨਹੀਂ ਦਿੱਤੀ ਜਾ ਰਹੀ। ਇਸ ਮੌਕੇ ਸੁਖਪਾਲ ਸਿੰਘ ਜੱਸੜ੍ਹ, ਗੁਰਧਿਆਨ ਸਿੰਘ ਸਹਿਜੜਾ, ਜਗਰਾਜ ਸਿੰਘ ਭੱਟ, ਮੋਹਣੀ ਧਾਲੀਵਾਲ, ਗੁਰਪ੍ਰੀਤ ਸਿੰਘ ਝੰਡਾ, ਨੈਬ ਸਿੰਘ ਰੋਹੀ ਵਾਲਾ ਮੌਜੂਦ ਸਨ| ਮੌਕੇ ’ਤੇ ਪਹੁੰਚੇ ਪਾਵਰਕੌਮ ਸ਼ਹਿਣਾ ਦੇ ਐੱਸਡੀਓ ਬਲਜੀਤ ਸਿੰਘ ਢਿੱਲੋਂ ਨੂੰ ਕਿਸਾਨਾਂ ਵੱਲੋਂ ਮੰਗ-ਪੱਤਰ ਦੇ ਕੇ ਮੰਗ ਕੀਤੀ ਗਈ ਕਿ ਆਉਣ ਵਾਲੇ 15 ਦਿਨਾਂ ਤੱਕ ਕਿਸਾਨਾਂ ਨੂੰ ਦਿਹਾਤੀ ਖੇਤਰ ਲਈ ਨਿਰਵਿਘਨ ਸਪਲਾਈ ਦਿੱਤੀ ਜਾਵੇ| ਐੱਸਡੀਓ ਨੇ ਕਿਹਾ ਕਿ ਉਹ ਕਿਸਾਨਾਂ ਦੀ ਮੰਗ ਚੀਫ਼ ਪਟਿਆਲਾ ਕੋਲ ਭੇਜ ਰਹੇ ਹਨ ਅਤੇ ਆਉਣ ਵਾਲੇ ਸਮੇਂ ‘ਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਭਰੋਸੇ ਉਪਰੰਤ ਕਿਸਾਨਾਂ ਨੇ ਧਰਨਾ ਚੁੱਕ ਲਿਆ।