ਪੱਤਰ ਪ੍ਰੇਰਕ
ਮਾਨਸਾ, 2 ਨਵੰਬਰ
ਇਸ ਖੇਤਰ ਦੀਆਂ ਅਨਾਜ ਮੰਡੀਆਂ ਵਿੱਚ ਹੁਣ ਮੌਸਮ ਵਿੱਚ ਤਬਦੀਲੀ ਹੋਣ ਕਾਰਨ ਸਿੱਲ੍ਹ ਨੇ ਝੋਨੇ ਦੀ ਖਰੀਦ ਨੂੰ ਉਲਝਾ ਦਿੱਤਾ ਹੈ ਅਤੇ ਲਿਫਟਿੰਗ ਨੇ ਕਿਸਾਨਾਂ ਦੀ ਤਕਲੀਫ਼ ਨੂੰ ਵਧਾ ਦਿੱਤਾ ਹੈ। ਸਿੱਲ੍ਹ ਕਾਰਨ ਮੰਡੀਆਂ ਵਿੱਚ ਝੋਨੇ ਦੀ ਬੋਲੀ ਨਹੀਂ ਲੱਗ ਰਹੀ ਹੈ, ਜਦੋਂ ਕਿ ਲਿਫਟਿੰਗ ਹੋਣ ਕਾਰਨ ਖੇਤਾਂ ’ਚੋਂ ਆਉਣ ਵਾਲੇ ਝੋਨੇ ਨੂੰ ਸੁੱਟਣ ਲਈ ਕੋਈ ਥਾਂ ਨਹੀਂ ਬਚੀ ਹੈ। ਦਰਜਨਾਂ ਮੰਡੀਆਂ ਵਿੱਚ ਸੈਂਕੜੇ ਕਿਸਾਨ ਕਈ-ਕਈ ਦਿਨਾਂ ਤੋਂ ਝੋਨੇ ਦੀ ਤੋਲ-ਤੁਲਾਈ ਨੂੰ ਲੈ ਕੇ ਬੈਠੇ ਹਨ। ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਅੱਜ ਇੱਕ ਦਰਜਨ ਤੋਂ ਵੱਧ ਮੰਡੀਆਂ ਦਾ ਦੌਰਾਨ ਕੀਤਾ ਗਿਆ, ਜਿੰਨਾਂ ਨੇ ਦੱਸਿਆ ਕਿ ਮੰਡੀਆਂ ਵਿੱਚ ਆਮ ਕਿਸਾਨ ਦਾ ਕੋਈ ਹਾਲ ਨਹੀਂ ਅਤੇ ਮਾੜੇ-ਧੀੜੇ ਬੰਦੇ ਦੀ ਉਥੇ ਕੋਈ ਪੁੱਛਗਿੱਛ ਨਹੀਂ ਹੈ। ਜਥੇਬੰਦੀ ਦੇ ਹੋਰ ਆਗੂਆਂ ਗੁਰਮੁਖ ਸਿੰਘ ਗੋਗੀ, ਭੱਪਾ ਸਿੰਘ ਖਿਆਲਾ, ਕੇਵਲ ਸਿੰਘ ਨੇ ਦੱਸਿਆ ਕਿ ਜਿਉਂ-ਜਿਉਂ ਮੰਡੀਆਂ ਵਿੱਚ ਝੋਨੇ ਦੀ ਆਮਦ ਤੇਜ਼ ਹੋ ਰਹੀ ਹੈ,ਪਰ ਝੋਨੇ ਬੋਲੀ ਦੀ ਰਫ਼ਤਾਰ ਮੱਠੀ ਚੱਲ ਰਹੀ ਹੈ ਅਤੇੇ ਲਿਫਟਿੰਗ ਦਾ ਮਾਮਲਾ ਵੀ ਨਾ-ਮਾਤਰ ਹੀ ਹੈ। ਪੰਜਾਬ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੀਵਾਲੀ ਤੋਂ ਪਹਿਲਾਂ ਪਹਿਲਾਂ ਝੋਨੇ ਦਾ ਮਸਲਾ ਹੱਲ ਨਾ ਕੀਤਾ ਤਾਂ ਦੀਵਾਲੀ ਵਾਲੇ ਦਿਨ ਰੋਸ ਵਜੋਂ ਝੋਨਾ ਸਾੜਿਆ ਜਾਵੇਗਾ।