ਜੋਗਿੰਦਰ ਸਿੰਘ ਮਾਨ
ਮਾਨਸਾ, 30 ਅਕਤੂਬਰ
ਇਸ ਖੇਤਰ ਦੀਆਂ ਅਨਾਜ ਮੰਡੀਆਂ ਵਿੱਚ ਹੁਣ ਮੌਸਮ ਵਿੱਚ ਤਬਦੀਲੀ ਹੋਣ ਕਾਰਨ ਸਿੱਲ੍ਹ ਨੇ ਝੋਨੇ ਦੀ ਖਰੀਦ ਨੂੰ ਉਲਝਾ ਦਿੱਤਾ ਹੈ ਅਤੇ ਲਿਫਟਿੰਗ ਨੇ ਕਿਸਾਨਾਂ ਦੀ ਤਕਲੀਫ਼ ਨੂੰ ਵਧਾ ਦਿੱਤਾ ਹੈ। ਸਿੱਲ੍ਹ ਕਾਰਨ ਮੰਡੀਆਂ ਵਿੱਚ ਝੋਨੇ ਦੀ ਬੋਲੀ ਨਹੀਂ ਲੱਗ ਰਹੀ ਹੈ, ਜਦੋਂ ਕਿ ਲਿਫਟਿੰਗ ਨਾ ਹੋਣ ਕਾਰਨ ਖੇਤਾਂ ’ਚੋਂ ਆਉਣ ਵਾਲੇ ਝੋਨੇ ਨੂੰ ਸੁੱਟਣ ਲਈ ਕੋਈ ਥਾਂ ਨਹੀਂ ਬਚੀ ਹੈ। ਬਹੁਤੀਆਂ ਥਾਵਾਂ ’ਤੇ ਕਿਸਾਨ ਖਰੀਦ ਕੇਂਦਰਾਂ ਤੋਂ ਬਾਹਰ ਕੱਚੀਆਂ ਥਾਵਾਂ ਉਤੇ ਫਸਲ ਸੁੱਟਣ ਲਈ ਮਜਬੂਰ ਹੋਏ ਪਏ ਹਨ। ਦਰਜਨਾਂ ਮੰਡੀਆਂ ਵਿੱਚ ਸੈਂਕੜੇ ਕਿਸਾਨ ਕਈ-ਕਈ ਦਿਨਾਂ ਤੋਂ ਝੋਨੇ ਦੀ ਤੋਲ-ਤੁਲਾਈ ਨੂੰ ਲੈ ਕੇ ਬੈਠੇ ਹਨ ਅਤੇ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਬੋਲੀ ਸ਼ੈਲਰ ਮਾਲਕਾਂ ਦੀ ਮਰਜ਼ੀ ਨਾਲ ਲੱਗਣ ਲੱਗੀ ਹੈ।
ਭਾਵੇਂ ਮਾਨਸਾ ਦੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਸਾਰੀਆਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਸਮੇਤ ਫੂਡ ਸਪਲਾਈ ਵਿਭਾਗ ਦੇ ਉਚ ਅਫ਼ਸਰਾਂ ਦੀ ਸੁਸਤ ਪ੍ਰਬੰਧਾਂ ਨੂੰ ਲੈ ਕੇ ਖਿਚਾਈ ਕੀਤੀ ਹੈ, ਪਰ ਇਸ ਦੇ ਬਾਵਜੂਦ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਪਏ ਹਨ। ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਅੱਜ ਇੱਕ ਦਰਜਨ ਤੋਂ ਵੱਧ ਮੰਡੀਆਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਖਿਆਲਾ, ਭੈਣੀਬਾਘਾ, ਰੱਲਾ, ਅਕਲੀਆ ਅਤੇ ਜੋਗਾ ਮੰਡੀਆਂ ਵਿੱਚ ਝੋਨੇ ਦੀ ਖਰੀਦ ਤੇ ਬੋਲੀ ਮੱਠੀ ਰਫ਼ਤਾਰ ਨਾਲ ਚੱਲ ਰਹੀ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਆਮਦ ਤੇਜ਼ ਹੋ ਰਹੀ ਹੈ ਪਰ ਝੋਨੇ ਦੀ ਬੋਲੀ ਦੀ ਰਫ਼ਤਾਰ ਮੱਠੀ ਚੱਲ ਰਹੀ ਹੈ ਅਤੇੇ ਲਿਫਟਿੰਗ ਦਾ ਮਾਮਲਾ ਵੀ ਨਾਂ-ਮਾਤਰ ਹੀ ਹੈ।
ਸਿਆਸੀ ਆਗੂ ਹੋਏ ਮੰਡੀਆਂ ਤੋਂ ਦੂਰ
ਦਿਲਚਸਪ ਗੱਲ ਹੈ ਕਿ ਇਸ ਵਾਰ ਖਰੀਦ ਕੇਂਦਰਾਂ ਅਤੇ ਅਨਾਜ ਮੰਡੀਆਂ ਤੋਂ ਸੱਤਾਧਾਰੀ ਆਮ ਆਦਮੀ ਪਾਰਟੀ ਸਮੇਤ ਹੋਰ ਸਿਆਸੀ ਧਿਰਾਂ ਦੇ ਆਗੂ ਦੂਰ ਰਹਿਣ ਲੱਗੇ ਹਨ। ਉਹ ਕਿਸਾਨ ਜਥੇਬੰਦੀਆਂ ਦੇ ਘਿਰਾਓ ਤੋਂ ਡਰਦੇ ਮੰਡੀਆਂ ਵਿੱਚ ਜਾਣ ਤੋਂ ਹੀ ਕੰਨੀਂ ਕਤਰਾਉਣ ਲੱਗੇ ਹਨ। ਪਹਿਲਾਂ ਸੱਤਾਧਾਰੀ ਧਿਰ ਨਾਲ ਜੁੜੇ ਸਿਆਸੀ ਨੇਤਾ ਅਕਸਰ ਮੰਡੀਆਂ ਵਿੱਚ ਜਾ ਕੇ ਝੋਨੇ ਦੀ ਬੋਲੀ ਆਰੰਭ ਕਰਵਾਉਂਦੇ ਸਨ।