ਅਸ਼ਵਨੀ ਗਰਗ
ਸਮਾਣਾ, 9 ਸਤੰਬਰ
ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਕਾਲਜ ਬਣਾਉਣ ਦੀ ਮੰਗ ਨੂੰ ਲੈ ਕੇ ਕਾਲਜ ਦੇ ਮੁੱਖ ਗੇਟ ’ਤੇ ਵਿਦਿਆਰਥੀ ਵੰਗਾਰ ਰੈਲੀ ਕੀਤੀ ਗਈ। ਰੈਲੀ ਵਿਚ ਸੈਂਕੜੇ ਵਿਦਿਆਰਥੀਆਂ ਸਮੇਤ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਅਮਨਦੀਪ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਰੈਲੀ ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਕਾਲਜ ਬਣਾਉਣ ਦੀ ਮੰਗ ਨੂੰ ਲੈ ਕੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਟੂਡੈਂਟ ਯੂਨੀਅਨ ਦੀ ਇਕਾਈ ਪਬਲਿਕ ਕਾਲਜ ਸਮਾਣਾ ਦੇ ਵਿਦਿਆਰਥੀ ਲਗਾਤਾਰ ਇਸ ਮਸਲੇ ਨੂੰ ਲੈ ਕੇ ਸੰਘਰਸ਼ ਦੇ ਮੈਦਾਨ ਵਿੱਚ ਹਨ। ਉਨ੍ਹਾਂ ਪੰਜਾਬ ਵਿਚ ਸਰਕਾਰੀ ਕਾਲਜਾਂ ਬਾਰੇ ਬੋਲਦੇ ਹੋਏ ਕਿਹਾ ਕਿ 2.80 ਕਰੋੜ ਦੀ ਅਬਾਦੀ ਵਾਲੇ ਪੰਜਾਬ ਵਿਚ ਸਿਰਫ਼ 47 ਕਾਲਜ ਹੀ ਸਰਕਾਰੀ ਬਚੇ ਹਨ ਜਦਕਿ ਘੱਟ ਅਬਾਦੀ ਹੋਣ ਦੇ ਬਾਵਜੂਦ ਗੁਆਂਢੀ ਸੂਬੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਕ੍ਰਮਵਾਰ 170 ਹਰਿਆਣਾ ਅਤੇ 94 ਕਾਲਜ ਹਿਮਾਚਲ ਪ੍ਰਦੇਸ਼ ਵਿਚ ਹਨ। ਇਸ ਦੇ ਨਾਲ ਹੀ ਪੰਜਾਬ ਦੇ ਬਹੁਤੇ ਕਾਲਜ ਅਜਿਹੇ ਹਨ ਜਿੱਥੇ ਇਕ ਵੀ ਪੱਕਾ ਅਧਿਆਪਕ ਅਤੇ ਪ੍ਰਿੰਸੀਪਲ ਨਹੀਂ ਹਨ। ਇਹ ਪੰਜਾਬ ਦੇ ਲੋਕਾਂ ਨਾਲ ਬੇਇਨਸਾਫ਼ੀ ਹੈ। ਪਬਲਿਕ ਕਾਲਜ ਸਮਾਣਾ ਦੇ ਵਿਦਿਆਰਥੀ ਆਗੂ ਅਕਸ਼ੈ ਘੱਗਾ ਨੇ ਕਿਹਾ ਕਿ ਸਰਕਾਰੀ ਕਾਲਜਾਂ ਵਿੱਚ ਵਿਦਿਆਰਥੀ 10 ਤੋਂ 12 ਹਜ਼ਾਰ ਵਿੱਚ ਬੀਏ ਦਾ ਕੋਰਸ ਕਰ ਰਹੇ ਹਨ, ਜਦਕਿ ਪਬਲਿਕ ਕਾਲਜ ਸਮਾਣਾ ਵਿੱਚ ਇਹ ਫੀਸ 22 ਹਜ਼ਾਰ ਤੋਂ ਵੱਧ ਹੈ। ਇਸੇ ਤਰ੍ਹਾਂ ਕਾਲਜ ਵਿੱਚ ਬਹੁਤ ਸਾਰੇ ਹੋਰ ਕੋਰਸਾਂ ਦੀ ਵੀ ਜ਼ਰੂਰਤ ਹੈ। ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਵੀ ਰੈਲੀ ਵਿਚ ਸ਼ਮੂਲੀਅਤ ਕੀਤੀ ਗਈ।
ਬਾਕਸ…
ਫੀਸਾਂ ਜ਼ਿਆਦਾ ਹੋਣ ਕਰਕੇ ਲੋਕ ਬੱਚਿਆਂ ਨੂੰ ਪਟਿਆਲਾ ਭੇਜਣ ਲਈ ਮਜਬੂਰ
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਨੇ ਕਿਹਾ ਕਿ ਫ਼ੀਸਾਂ ਜ਼ਿਆਦਾ ਹੋਣ ਕਾਰਨ ਇਲਾਕਾ ਨਿਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਪਟਿਆਲਾ ਭੇਜਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਕਾਰਨ ਬਹੁਤ ਸਾਰੇ ਵਿਦਿਆਰਥੀ ਖਾਸਕਰ ਕੇ ਲੜਕੀਆਂ ਉੱਚ ਸਿੱਖਿਆ ਹਾਸਲ ਕਰਨ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਦੂਸਰਾ ਸਮਾਣਾ ਸਭ ਡਵੀਜਨ ਵਿਚ ਇਕ ਵੀ ਸਰਕਾਰੀ ਕਾਲਜ ਨਹੀਂ ਹੈ ਜਦ ਕਿ ਸਰਕਾਰ ਦਾ ਕਾਨੂੰਨੀ ਐਲਾਨ ਹੈ ਕਿ ਹਰ ਸਬਡਿਵੀਜ਼ਨ ਵਿਚ ਇਕ ਸਰਕਾਰੀ ਕਾਲਜ ਹੋਣਾ ਲਾਜ਼ਮੀ ਹੈ। ਇਸ ਲਈ ਵਿਦਿਆਰਥੀ ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਬਣਾਉਣ ਦੀ ਮੰਗ ਕਰ ਰਹੇ ਹਨ।
ਕੈਪਸ਼ਨ: ਵੰਗਾਰ ਰੈਲੀ ਕੱਢਦੇ ਹੋਏ ਵਿਦਿਆਰਥੀ।