ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 23 ਜਨਵਰੀ
ਬਠਿੰਡਾ (ਸ਼ਹਿਰੀ) ਹਲਕੇ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਆਪਣੀ ਚੋਣ ਮੁਹਿੰਮ ਦੌਰਾਨ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲੈ ਕੇ ਤਤਕਾਲੀ ਅਕਾਲੀ ਸਰਕਾਰ ਦੇ ਕੀਤੇ ਕੰਮ ਅਤੇ ਭਵਿੱਖ ਲਈ ਪਾਰਟੀ ਦੇ 13 ਨੁਕਾਤੀ ਏਜੰਡੇ ਨੂੰ ਪ੍ਰਚਾਰ ਰਹੇ ਹਨ।
ਸ੍ਰੀ ਸਿੰਗਲਾ ਨੇ ਅੱਜ ਸੀਨੀਅਰ ਅਕਾਲੀ ਆਗੂ ਬਿਧੀ ਸਿੰਘ ਯੂ.ਕੇ ਨਾਲ ਮਿਲ ਕੇ ਪ੍ਰਚਾਰ ਕੀਤਾ। ਯੂ. ਕੇ ਨੇ ਕਿਹਾ ਕਿ ਸਰੂਪ ਸਿੰਗਲਾ ਨੂੰ ਸਰਬ ਪ੍ਰਵਾਨਿਤ ਆਗੂ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ’ਚ ਬਠਿੰਡਾ ਵਿਕਾਸ ਵੱਲ ਵਧੇਗਾ। ਸ੍ਰੀ ਸਿੰਗਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਾਅਦੇ ਵਫ਼ਾ ਕਰਨ ਵਾਲੀ ਪਾਰਟੀ ਹੈ, ਪਿੱਛੇ ਜੋ ਕਿਹਾ ਉਹ ਕਰ ਕੇ ਵਿਖਾਇਆ। ਉਨ੍ਹਾਂ ਆਟਾ-ਦਾਲ, ਸ਼ਗਨ, ਪੈਨਸ਼ਨ, ਸਕੂਲ ਵਿਦਿਆਰਥਣਾਂ ਲਈ ਸਾਈਕਲ ਤੇ ਵਿਦਿਆਰਥੀਆਂ ਲਈ ਵਜ਼ੀਫ਼ੇ, ਆਦਰਸ਼ ਸਕੂਲ ਵਰਗੀਆਂ ਸਕੀਮਾਂ ਤੋਂ ਇਲਾਵਾ ਆਰਓ ਤੇ ਸੀਵਰੇਜ ਸਿਸਟਮ, ਸੇਵਾ ਕੇਂਦਰ ਆਦਿ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੋਣ ਦਾ ਦਾਅਵਾ ਕਰਦਿਆਂ ਆਪਣੇ ਵਿਰੋਧੀ ਤੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ’ਤੇ ਵਿਅੰਗ ਕੀਤਾ ਕਿ ਉਸ ਕੋਲ ਬਠਿੰਡਾ ਨੂੰ ਦੇਣ ਲਈ ਕੁਝ ਵੀ ਨਹੀਂ ਅਤੇ ਖ਼ਜ਼ਾਨਾ ਖਾਲੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਟਿਕਾਊ ਸਰਕਾਰ ਨਹੀਂ ਬਣਾ ਸਕਦੀ ਕਿਉਂਕਿ ਉਸ ਦੇ ਵਿਧਾਇਕ ਹੀ ਬਹੁਤਾ ਸਮਾਂ ਇਕ ਥਾਂ ਨਹੀਂ ਟਿਕਦੇ। ਸ੍ਰੀ ਸਿੰਗਲਾ ਨੇ ਕਿ ਅਕਾਲੀ-ਬਸਪਾ ਸਰਕਾਰ ਵਪਾਰੀਆਂ ਨੂੰ ਰਾਹਤ ਦੇਣ ਤੋਂ ਇਲਾਵਾ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਬੇਰੁਜ਼ਗਾਰਾਂ ਦੀ ਪੱਕੀ ਭਰਤੀ ਕਰੇਗੀ।