ਸੁੰਦਰ ਨਾਥ ਆਰੀਆ
ਅਬੋਹਰ, 3 ਸਤੰਬਰ
ਉਪਮੰਡਲ ਦੇ ਪਿੰਡ ਕਾਲਾ ਟਿੱਬਾ ਦੇ ਇਕ ਵਿਅਕਤੀ ਨੇ ਥਾਣਾ ਬਹਾਵਵਾਲਾ ਪੁਲੀਸ ’ਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਗਰੂਪ ਸਿੰਘ ਪੁੱਤਰ ਲਛਮਣ ਸਿੰਘ ਨੇ ਦੱਸਿਆ ਕਿ ਉਹ ਪਿੰਡ ਰਾਜਾਂਵਾਲੀ ਵਿਚ ਕਪਿਲ ਚੌਧਰੀ ਕੋਲ ਸਿਰੀ ਦਾ ਕੰਮ ਕਰਦਾ ਹੈ। ਉਸ ਦਾ ਆਪਣੀ ਪਤਨੀ ਨਾਲ ਘਰੇਲੂ ਝਗੜਾ ਚੱਲ ਰਿਹਾ ਹੈ।
ਕਪਿਲ ਚੌਧਰੀ ਨੇ ਇਸ ਮਾਮਲੇ ਵਿਚ ਥਾਣਾ ਬਹਾਵਵਾਲਾ ਨਾਲ ਸੰਪਰਕ ਕਰ ਕੇ ਉਸ ’ਤੇ ਕਾਰਵਾਈ ਕਰਨ ਨੂੰ ਕਿਹਾ। ਇਸ ਮਗਰੋਂ ਥਾਣਾ ਬਹਾਵਵਾਲਾ ਦਾ ਹੌਲਦਾਰ ਰਾਜਕੁਮਾਰ ਉਸ ਨੂੰ ਫੜ ਕੇ ਥਾਣੇ ਲੈ ਗਿਆ, ਜਿੱਥੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਸ਼ਾਮ ਕਰੀਬ 4 ਵਜੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਛੁਡਵਾਇਆ ਤੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਜਗਰੂਪ ਸਿੰਘ ਦੀ ਪਤਨੀ ਸੰਦੀਪ ਕੌਰ ਨੇ ਦੱਸਿਆ ਕਿ ਉਹ ਅਕਸਰ ਸ਼ਰਾਬ ਪੀ ਕੇ ਉਸ ਨਾਲ ਮਾਰਕੁੱਟ ਕਰਦਾ ਹੈ। ਬੀਤੇ ਦਿਨੀਂ ਵੀ ਉਸ ਨੇ ਉਸ ਨਾਲ ਮਾਰਕੁੱਟ ਕੀਤੀ ਸੀ।
ਇਸ ਮਾਮਲੇ ਵਿਚ ਜਦੋਂ ਹੌਲਦਾਰ ਰਾਜਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ 19 ਅਗਸਤ ਨੂੰ ਜਗਰੂਪ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਪਤਨੀ ਰੁੱਸ ਕੇ ਪੇਕੇ ਚਲੀ ਗਈ ਹੈ। ਉਨ੍ਹਾਂ ਪੰਚਾਇਤੀ ਰਾਜ਼ੀਨਾਮਾ ਕਰਵਾ ਕੇ ਸੰਦੀਪ ਕੌਰ ਨੂੰ ਜਗਰੂਪ ਨਾਲ ਭੇਜ ਦਿੱਤਾ ਸੀ, ਪਰ ਮਗਰੋਂ ਜਗਰੂਪ ਨੇ ਆਪਣੀ ਪਤਨੀ ਨਾਲ ਮੁੜ ਮਾਰਕੁੱਟ ਕੀਤੀ। ਇਸ ਮਗਰੋਂ ਉਨ੍ਹਾਂ ਨੇ ਜਗਰੂਪ ਨੂੰ ਥਾਣੇ ਬੁਲਾ ਕੇ ਉਸ ਨੂੰ ਸਮਝਾ ਕੇ ਪਰਿਵਾਰ ਨਾਲ ਵਾਪਸ ਭੇਜ ਦਿੱਤਾ ਸੀ। ਉਸ ਨੇ ਪੁਲੀਸ ’ਤੇ ਜੋ ਇਲਜ਼ਾਮ ਲਾਗਏ ਹਨ, ਉਹ ਝੂਠੇ ਹਨ।