ਪ੍ਰਭੂ ਦਿਆਲ
ਸਿਰਸਾ, 30 ਅਕਤੂਬਰ
ਪੰਚਾਇਤੀ ਚੋਣਾਂ ਸਬੰਧੀ ਰਾਜਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਉਮੀਦਵਾਰਾਂ ਵੱਲੋਂ ਪਿੰਡਾਂ ਵਿੱਚ ਦਫ਼ਤਰ ਖੋਲ੍ਹੇ ਜਾ ਰਹੇ ਹਨ ਤੇ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਪਿੰਡ ਖਾਰੀਆਂ ’ਚ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਕਰਨ ਚੌਟਾਲਾ ਦੇ ਦਫ਼ਤਰ ਦਾ ਉਦਘਾਟਨ ਕਰਦਿਆਂ ਇਨੈਲੋ ਦੇ ਜਨਰਲ ਸਕੱਤਰ ਤੇ ਏਲਨਾਬਾਦ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਕਿਹਾ ਸਿਰਸਾ ਦੇ ਪੰਜ ਵਿਧਾਨ ਸਭਾ ਹਲਕਿਆਂ ’ਚ ਜ਼ਿਲ੍ਹਾ ਪਰਿਸ਼ਦ, ਬਲਾਕ ਸਮਿਤੀ ਤੇ ਸਰਪੰਚ ਲਈ ਇਨੈਲੋ ਹਮਾਇਤੀ ਉਮੀਦਵਾਰਾਂ ਦੀ ਜਿੱਤ ਪੱਕੀ ਹੈ ਕਿਉਂਕਿ ਭਾਜਪਾ-ਜਜਪਾ ਗਠਜੋੜ ਦੀ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਦੁਖੀ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇਨੈਲੋ ਉਮੀਦਵਾਰਾਂ ਨੂੰ ਪਿੰਡਾਂ ’ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ’ਤੇ ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਕਰੀਵਾਲਾ, ਜਸਵੀਰ ਸਿੰਘ ਜੱਸਾ, ਸੁਭਾਸ਼ ਨੈਨ, ਰਾਮ ਕੁਮਾਰ ਨੈਨ, ਧਰਮਵੀਰ ਨੈਨ, ਕਿ੍ਸ਼ਨ ਝੋਰੜ, ਪ੍ਰਦੀਪ ਗੋਦਾਰਾ ਕੁਲਦੀਪ ਗੋਦਾਰਾ ਤੇ ਰਮਨ ਮਹਿਤਾ ਸਣੇ ਅਨੇਕ ਇਨੈਲੋ ਆਗੂ ਤੇ ਕਾਰਕੁਨ ਮੌਜੂਦ ਸਨ। ਉਧਰ ਪਿੰਡ ਬਾਜੇਕਾਂ ’ਚ ਸਰਪੰਚੀ ਦੇ ਆਹੁਦੇ ਲਈ ਉਮੀਦਵਾਰਾਂ ਨੇ ਆਪਣੇ ਆਪਣੇ ਦਫ਼ਤਰ ਖੋਲ੍ਹੇ ਕੇ ਚੋਣ ਪ੍ਰਚਾਰ ’ਚ ਤੇਜ਼ੀ ਲਿਆਂਦੀ ਹੈ।