ਪ੍ਰਭੂ ਦਿਆਲ
ਸਿਰਸਾ, 17 ਜੁਲਾਈ
ਘੱਗਰ ’ਚ ਪਾਣੀ ਘਟਣ ਦਾ ਨਾਂ ਨਹੀਂ ਲੈ ਰਿਹਾ। ਘੱਗਰ ’ਚ ਥਾਂ-ਥਾਂ ’ਤੇ ਪਏ ਪਾੜਾਂ ਕਾਰਨ ਦਰਜਨਾਂ ਢਾਣੀਆਂ ਪਾਣੀ ’ਚ ਘਿਰ ਗਈਆਂ ਹਨ। ਦਰਜਨਾਂ ਪਿੰਡਾਂ ’ਚ ਪਾਣੀ ਵੜਨ ਦਾ ਖਦਸ਼ਾ ਬਣਿਆ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਾਣੀ ’ਚ ਘਿਰੇ ਲੋਕਾਂ ਨੂੰ ਬਾਹਰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਹੜ੍ਹ ਪੀੜਤਾਂ ਲਈ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਗੁਰਦੁਆਰਾ ਦੇ ਪ੍ਰਬੰਧਕਾਂ ਵੱਲੋਂ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ। ਪੰਜਾਬ ਦੇ ਪਿੰਡ ਝੰਡਾ ਨੇੜਿਓਂ ਘੱਗਰ ’ਚ ਪਾੜ ਪੈਣ ਕਾਰਨ ਸਿਰਸਾ ਜ਼ਿਲ੍ਹੇ ਦੇ ਕਈ ਹੋਰ ਪਿੰਡਾਂ ’ਚ ਹੜ੍ਹ ਦਾ ਖ਼ਤਰਾ ਵਧ ਗਿਆ ਹੈ। ਘੱਗਰ ਦਾ ਪਾਣੀ ਸਿਰਸਾ-ਬਰਨਾਲਾ ਰੋਡ ਨਾਲ ਲੱਗਣ ਕਾਰਨ ਪ੍ਰਸ਼ਾਸਨ ਨੇ ਰੋਡ ’ਤੇ ਆਵਾਜਾਈ ਬੰਦ ਕਰਵਾ ਦਿੱਤੀ ਹੈ।
ਜਾਣਕਾਰੀ ਅਨੁਸਾਰ ਘੱਗਰ ਦੇ ਅੰਦਰਲੇ ਬੰਨ੍ਹ ਅੱਧੀ ਦਰਜਨ ਤੋਂ ਜ਼ਿਆਦਾ ਥਾਵਾਂ ਤੋਂ ਟੁੱਟਣ ਕਰ ਕੇ ਦਰਜਨਾਂ ਢਾਣੀਆਂ ਪਾਣੀ ’ਚ ਘਿਰ ਗਈਆਂ ਹਨ। ਹੜ੍ਹ ਕਾਰਨ ਹੁਣ ਤੱਕ ਕਰੀਬ ਚਾਰ ਹਜ਼ਾਰ ਕਿੱਲੇ ਖੜ੍ਹੀ ਫ਼ਸਲ ਪਾਣੀ ’ਚ ਡੱਬ ਗਈ ਹੈ। ਜ਼ਿਲ੍ਹੇ ਦੇ 49 ਪਿੰਡਾਂ ’ਚ ਹੜ੍ਹ ਦਾ ਖਦਸ਼ਾ ਬਣਿਆ ਹੋਇਆ ਹੈ, ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਵੇਦਨਸ਼ੀਲ ਐਲਾਨਿਆ ਗਿਆ ਹੈ।
ਉਧਰ ਪਾਣੀ ’ਚ ਘਿਰੇ ਲੋਕਾਂ ਨੂੰ ਬਚਾਉਣ ਲਈ ਸਮਾਜ ਸੇਵੀ ਸੰਸਥਾਵਾਂ, ਜਿਨ੍ਹਾਂ ਵਿੱਚ ਡੇਰਾ ਬਾਬਾ ਭੂਮਣ ਸ਼ਾਹ ਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਤੇ ਵਾਲੰਟੀਅਰ ਅੱਗੇ ਆਏ ਹਨ। ਪਾਣੀ ’ਚ ਘਿਰੇ ਕਈ ਘਰਾਂ ਦਾ ਸਾਮਾਨ ਵਲੰਟੀਅਰਾਂ ਨੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ। ਐਨਡੀਆਰਐਫ ਦੀਆਂ ਦੋ ਕੰਪਨੀਆਂ ਵੀ ਕੰਮ ਕਰ ਰਹੀਆਂ ਹਨ।
ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਦੱਸਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਤੇ ਕਰਮਚਾਰੀ ਹੜ੍ਹ ਰੋਕੂ ਪ੍ਰਬੰਧਾਂ ਵਿੱਚ ਲੱਗੇ ਹੋਏ ਹਨ। ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਹੀ ਉਨ੍ਹਾਂ ਦਾ ਪਹਿਲਾ ਕੰਮ ਹੈ। ਘੱਗਰ ’ਚ ਪਾਣੀ ਦਾ ਪੱਧਰ ਹਾਲੇ ਘਟਿਆ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਹਾਲੇ ਤੱਕ ਘੱਗਰ ਦੇ ਅੰਦਰਲੇ ਬੰਨ੍ਹ ਹੀ ਟੁੱਟੇ ਹਨ, ਜਿਸ ਨਾਲ ਫ਼ਸਲਾਂ ਦਾ ਤਾਂ ਨੁਕਸਾਨ ਹੋਇਆ ਹੈ ਪਰ ਹਾਲੇ ਕਿਸੇ ਵੀ ਪਿੰਡ ’ਚ ਪਾਣੀ ਦਾਖ਼ਲ ਨਹੀਂ ਹੋਇਆ ਹੈ। ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਲੋਕਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ ਹੈ।