ਪ੍ਰਭੂ ਦਿਆਲ
ਸਿਰਸਾ, 26 ਫਰਵਰੀ
ਇਥੇ ਲੰਘੀ ਦੇਰ ਰਾਤ ਦਰਮਿਆਨੇ ਮੀਂਹ ਨਾਲ ਪਏ ਗੜਿਆਂ ਤੇ ਤੇਜ਼ ਹਾਵਾਵਾਂ ਚੱਲਣ ਨਾਲ ਹਾੜ੍ਹੀ ਦੀਆਂ ਫ਼ਸਲਾਂ ਨੂੰ ਨੁਕਸਾਨ ਪੁੱਜਿਆ ਹੈ। ਤੇਜ਼ ਹਾਵਾਵਾਂ ਨਾਲ ਜਿਥੇ ਕਈ ਇਲਾਕਿਆਂ ’ਚ ਕਣਕ ਦੀ ਫ਼ਸਲ ਧਰਤੀ ’ਤੇ ਵਿਛ ਗਈ ਹੈ ਉਥੇ ਹੀ ਫੁੱਲਾਂ ਨੂੰ ਗੜਿਆਂ ਨਾਲ ਭਾਰੀ ਨੁਕਸਾਨ ਹੋਇਆ ਹੈ। ਪਿੰਡ ਸ਼ਿਕੰਦਰਪੁਰ ਦੇ ਕਿਸਾਨ ਸ਼ਾਮ ਚੰਦ ਤੇ ਪਿੰਡ ਦੜਬੀ ਦੇ ਕਿਸਾਨ ਰਾਮਜੀ ਜੈਮਲ ਨੇ ਦੱਸਿਆ ਕਿ ਮੀਂਹ ਨਾਲ ਆਏ ਗੜਿਆਂ ਨਾਲ ਫ਼ਸਲ ਨੂੰ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਸਰਕਾਰ ਤੋਂ ਮੰਗ ਕੀਤੀ ਹੈ।
ਏਲਨਾਬਾਦ (ਜਗਤਾਰ ਸਮਾਲਸਰ): ਇਸ ਖੇਤਰ ਵਿੱਚ ਹਲਕੀ ਬਰਸਾਤ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਕਿਸਾਨਾਂ ਦੀਆਂ ਪਰੇਸ਼ਾਨੀਆਂ ਵਧਾ ਦਿੱਤੀਆਂ ਹਨ। ਇਸ ਨਾਲ ਹਲਕੇ ਦੇ ਅਨੇਕ ਪਿੰਡਾਂ ਵਿੱਚ ਕਣਕ ਦੇ ਨਾਲ-ਨਾਲ ਸਰ੍ਹੋਂ ਦੀ ਫ਼ਸਲ ਦਾ ਵਧੇਰੇ ਨੁਕਸਾਨ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਸਰਬਜੀਤ ਸਿੰਘ ਸਿੱਧੂ, ਸੁਰਿੰਦਰ ਸਿੰਘ, ਸੁਰਜੀਤ ਸਿੰਘ, ਸੁਮਿਤ ਸਿੰਘ ਵਿਰਕ ਆਦਿ ਨੇ ਆਖਿਆ ਤੇਜ਼ ਹਵਾ ਚੱਲਣ ਨਾਲ ਜਿੱਥੇ ਅਗੇਤੀ ਸਰ੍ਹੋਂ ਦੀ ਫ਼ਸਲ ਧਰਤੀ ’ਤੇ ਡਿੱਗ ਪਈ ਹੈ, ਉੱਥੇ ਪਛੇਤੀ ਸਰ੍ਹੋਂ ਦਾ ਫ਼ਲ ਵੀ ਝੜ ਗਿਆ ਹੈ ਜਿਸ ਨਾਲ ਸਰ੍ਹੋਂ ਦੇ ਝਾੜ ’ਤੇ ਵੱਡਾ ਅਸਰ ਪਵੇਗਾ। ਕਿਸਾਨਾਂ ਨੇ ਦੱਸਿਆ ਕਿ ਕਣਕ ਦੇ ਜਿਨ੍ਹਾਂ ਖੇਤਾਂ ਵਿੱਚ ਪਾਣੀ ਲੱਗਿਆ ਹੋਇਆ ਸੀ ਉੱਥੇ ਕਣਕ ਦੀ ਫ਼ਸਲ ਵੀ ਧਰਤੀ ’ਤੇ ਵਿਛ ਗਈ ਹੈ।