ਨਿੱਜੀ ਪੱਤਰ ਪ੍ਰੇਰਕ
ਮੋਗਾ, 5 ਜੂਨ
ਨਸ਼ਈਆਂ ਨੇ ਮਾਪਿਆਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਓਂ ਪਤਲੀ ਕਰ ਦਿੱਤੀ ਹੈ। ਦਿਸ਼ਾਹੀਣਤਾ ਦਾ ਸ਼ਿਕਾਰ ਨੌਜਵਾਨ ਨਸ਼ਿਆਂ ਦੀ ਪੂਰਤੀ ਲਈ ਦੀ ਹਰ ਵੰਨਗੀ ਦਾ ਸ਼ਿਕਾਰ ਹੋ ਕੇ ਵਿਕਾਊ ਅਤੇ ਜ਼ਮੀਰ-ਵਿਹੂਣਾ ਬਣਕੇ ਰਿਸ਼ਤਿਆਂ ਨੂੰ ਵੀ ਕਲੰਕਿਤ ਕਰ ਰਿਹਾ ਹੈ।
ਇਥੇ ਇੱਕ ਨਸ਼ਿਆਂ ਦੇ ਆਦੀ ਨੌਜਵਾਨ ਨੇ ਆਪਣੀ ਵਿਆਹੀ ਭੈਣ ਦੇ ਘਰ ਨੂੰ ਹੀ ਨਿਸ਼ਾਨਾ ਬਣਾ ਲਿਆ ਅਤੇ ਉਸਦੇ ਘਰੋਂ ਸਾਥੀਆਂ ਨਾਲ ਮਿਲਕੇ ਤਕਰੀਬਨ 3 ਲੱਖ ਮੁੱਲ ਦਾ ਸਾਮਾਨ ਚੋਰੀ ਕਰ ਲਿਆ। ਥਾਣਾ ਸਿਟੀ ਦੱਖਣੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰਤੇਜ ਸਿੰਘ ਵਾਸੀ ਸਰਦਾਰ ਨਗਰ ਮੋਗਾ ਨੇ ਪੁਲੀਸ ਨੂੰ ਦਿੱਤੇ ਬਿਆਨ’ਚ ਕਿਹਾ ਕਿ ਉਸਦਾ ਸਾਲਾ ਜਗਤਾਰ ਸਿੰਘ ਉਰਫ ਨਿੱਕਾ ਵਾਸੀ ਸਾਧਾਂਵਾਲੀ ਬਸਤੀ ਮੋਗਾ ਨਸ਼ੇ ਕਰਨ ਦਾ ਆਦੀ ਹੈ। ਉਹ 18 ਮਈ ਨੂੰ ਘਰ ਤੋਂ ਬਾਹਰ ਗਏ ਹੋਏ ਸਨ। ਉਸਦੇ ਸਾਲੇ ਨੇ ਆਪਣੇ ਸਾਥੀਆਂ ਲਵਜੀਤ ਸਿੰਘ ਉਰਫ ਲਵ ਵਾਸੀ ਕਪੂਰਥਲਾ, ਸੁੱਖਾ, ਦਰਸ਼ਨ ਸਿੰਘ ਵਾਸੀ ਸਾਧਾਵਾਲੀ ਬਸਤੀ, ਸਤਕਰਤਾਰ ਸਿੰਘ ਉਰਫ ਘੁੱਗੀ ਵਾਸੀ ਛੱਜਘੜਾ ਮੁਹੱਲਾ ਮੋਗਾ ਤੇ 5 ਹੋਰ ਅਣਪਛਾਤਿਆਂ ਨਾਲ ਮਿਲਕੇ ਉਸ ਦੇ ਘਰ ਵਿੱਚੋਂ 2 ਏਸੀ, 3 ਗੈਸ ਸਿਲੰਡਰ, 2 ਐਲਈਡੀ, ਬਾਕਸ ਬੈਂਡ 9 ਛੱਤ ਵਾਲੇ ਪੱਖੇ, ਇਕ ਲੈਪਟੌਪ, ਇਕ ਵੱਡਾ ਟੀਵੀ ਅਤੇ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਪੁਲੀਸ ਨੇ ਕੇਸ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।