ਰਾਜਿੰਦਰ ਵਰਮਾ
ਭਦੌੜ, 27 ਜੂਨ
ਇੱਥੋਂ ਨੇੜਲੇ ਪਿੰਡ ਤਲਵੰਡੀ ਦੇ ਬਿਜਲੀ ਗਰਿੱਡ ਤੋਂ ਮੋਗਾ ਜ਼ਿਲ੍ਹੇ ਦੇ ਪਿੰਡ ਸੈਦੋਕੇ ਨੂੰ ਬਿਜਲੀ ਲਾਈਨ ਕੱਢਣ ਤੋਂ ਦੋਵਾਂ ਪਿੰਡਾਂ ਵਿਚਕਾਰ ਤਕਰਾਰ ਦੀ ਸਥਿਤੀ ਬਣੀ ਹੋਈ ਹੈ। ਇਸ ਮਸਲੇ ਦਾ ਹੱਲ ਕਰਵਾਉਣ ਲਈ ਪਾਵਰਕੌਮ ਦੇ ਉੱਚ ਅਧਿਕਾਰੀ, ਸਿਵਲ ਅਤੇ ਪੁਲੀਸ ਪ੍ਰਸ਼ਾਸਨ ਪੂਰਾ ਤਾਣ ਲਗਾ ਰਿਹਾ ਹੈ। ਤਲਵੰਡੀ ਵਾਸੀਆਂ ਨੇ ਗਰਿੱਡ ਅੱਗੇ ਪੱਕਾ ਧਰਨਾ ਲਗਾ ਦਿੱਤਾ ਹੈ।
ਅੱਜ ਤਲਵੰਡੀ ਗਰਿੱਡ ਵਿੱਚ ਪਾਵਰਕੌਮ ਦੇ ਐੱਸਈ ਤੇਜ ਬਾਂਸਲ, ਐਕਸੀਅਨ ਅਮਨਦੀਪ ਸਿੰਘ ਮਾਨ, ਡੀਐੱਸਪੀ ਤਪਾ ਮਾਨਵਜੀਤ ਸਿੰਘ, ਨਾਇਬ ਤਹਿਸੀਲਦਾਰ ਚਤਿੰਦਰ ਕੁਮਾਰ ਅਤੇ ਐੱਸਡੀਓ ਆਨੰਤਪਾਲ, ਐੱਸਐੱਚਓ ਸ਼ੇਰਵਿੰਦਰ ਸਿੰਘ ਨੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ। ਐੱਸਈ ਤੇਜ ਬਾਂਸਲ ਨੇ ਮੀਟਿੰਗ ਦੌਰਾਨ ਕਿਹਾ ਕਿ ਪਹਿਲਾਂ ਤਲਵੰਡੀ ਗਰਿੱਡ ’ਤੇ ਸਾਢੇ 12 ਮੈਗਾਵਾਟ ਦਾ ਟਰਾਂਸਫਾਰਮਰ ਰੱਖਿਆ ਹੋਇਆ ਸੀ ਤੇ ਹੁਣ ਵੱਡਾ 20 ਐਮਵੀਏ ਦਾ ਟਰਾਂਸਫਾਰਮਰ ਰੱਖਿਆ ਜਾਣਾ ਹੈ। ਇਸ ਨਾਲ ਵੋਲਟੇਜ ਦੀ ਕੋਈ ਸਮੱਸਿਆ ਨਹੀਂ ਆਵੇਗੀ ਅਤੇ ਜੇ ਪਿੰਡ ਸੈਦੋਕੇ ਨੂੰ ਵੀ ਬਿਜਲੀ ਸਪਲਾਈ ਦਿੱਤੀ ਜਾਵੇਗੀ ਤਾਂ ਵੀ ਗਰਿੱਡ ਅੰਡਰ ਲੋਡ ਹੀ ਰਹੇਗਾ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਅਮਰਜੀਤ ਸਿੰਘ ਫ਼ੌਜੀ, ਜਗਨੰਦਨ ਸਿੰਘ, ਯਾਦਵਿੰਦਰ ਕੁਮਾਰ ਯਾਦੀ, ਅੰਮ੍ਰਿਤਪਾਲ ਸਿੰਘ, ਜੋਗਿੰਦਰ ਸਿੰਘ, ਰਣਜੀਤ ਸਿੰਘ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੱਗਾ ਸਿੰਘ ਬਦਰਾ ਦਾ ਕਹਿਣਾ ਹੈ ਕਿ ਪਿੰਡ ਵਾਸੀ ਸੈਦੋਕੇ ਨੂੰ ਇਸ ਗਰਿੱਡ ਤੋਂ ਬਿਜਲੀ ਲਾਈਨ ਨਹੀਂ ਕੱਢਣ ਦੇਣਗੇ ਕਿਉਂਕਿ ਗਰਿੱਡ ਉਨ੍ਹਾਂ ਦੇ ਪਿੰਡ ਦੀ ਜ਼ਮੀਨ ’ਤੇ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਗਰਿੱਡ ’ਚ ਟਰਾਂਸਫਾਰਮਰ ਨੂੰ ਗੱਡੀ ਤੋਂ ਉਤਾਰਨ ਨਹੀਂ ਦਿੱਤਾ। ਮੀਟਿੰਗ ਵਿੱਚ ਅੰਤ ਤੱਕ ਕੋਈ ਵੀ ਫ਼ੈਸਲਾ ਨਾ ਹੋ ਸਕਿਆ।