ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ
ਪੰਜਾਬ ਸਰਕਾਰ ਦੇ 6ਵੇਂ ਪੇ ਕਮਿਸ਼ਨ ਦਾ ਵਿਰੋਧ ਕਰ ਰਹੀ ਕੌਂਸਲ ਆਫ ਡਿਪਲੋਮਾ ਇੰਜਨੀਅਰਜ਼ ਜਥੇਬੰਦੀ ਵੱਲੋਂ ਮੰਗਲਵਾਰ ਨੂੰ ਕੋਟਕਪੂਰਾ ਮੁਕਤਸਰ ਨੈਸ਼ਨਲ ਹਾਈਵੇਅ ਤੇ ਸਰਹੰਦ ਫੀਡਰ ਨਹਿਰ ਦੀ ਲਾਈਨਿੰਗ ਦੇ ਚੱਲ ਰਹੇ ਕੰਮ ਨੂੰ ਬੰਦ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਦੁਪਹਿਰ ਕਰੀਬ 2 ਵਜੇ ਤੱਕ ਦਿੱਤੇ ਗਏ ਧਰਨੇ ਦੌਰਾਨ ਜਲ ਸਰੋਤ ਵਿਭਾਗ ਦੇ ਇੰਜੀਨੀਅਰ ਵੱਲੋਂ ਰਾਜਸਥਾਨ ਫੀਡਰ ਅਤੇ ਸਰਹੰਦ ਫੀਡਰ ਦਾ ਕੰਮ ਬੰਦ ਕਰਕੇ ਮੁਕੰਮਲ ਬਾਈਕਾਟ ਕੀਤਾ ਗਿਆ। ਕੌਂਸਲ ਦੇ ਚੇਅਰਮੈਨ ਇੰਜੀਨੀਅਰ ਸੁਖਮਿੰਦਰ ਸਿੰਘ ਲਵਲੀ ਨੇ ਕਿਹਾ ਕਿ ਨਹਿਰਾਂ ਦੇ ਨਿਰਮਾਣ ਕੰਮ ਦਾ ਬਾਈਕਾਟ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨਦੀ। ਜੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਅਤੇ ਜਲ ਘਰਾਂ ਨੂੰ ਸਪਲਾਈ ਵਾਸਤੇ ਪਾਣੀ ਨਹੀਂ ਮਿਲਦਾ ਤਾਂ ਇਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵੱਖ ਵੱਖ ਵਿਭਾਗ ਬੋਰਡ, ਕਾਰਪੋਰੇਸ਼ਨ ਵਿਚ ਕੰਮ ਕਰ ਰਹੇ ਜੇਈ/ ਏਈ ਅਤੇ ਉਪ ਮੰਡਲ ਇੰਜੀਨੀਅਰ ਦੀ ਸਾਂਝੀ ਜਥੇਬੰਦੀ ਕੌਂਸਲ ਆਫ ਡਿਪਲੋਮਾ ਇੰਜੀਨੀਅਰ ਪੰਜਾਬ ਸਰਕਾਰ ਦੇ 6ਵੇਂ ਪੇ ਕਮਿਸ਼ਨ ਦਾ ਵਿਰੋਧ ਕਰ ਰਹੀ ਹੈ। ਇਸੇ ਤਹਿਤ ਜਥੇਬੰਦੀ ਵੱਲੋਂ 2 ਦਸੰਬਰ ਤੋਂ ਮੁਹਾਲੀ ਵਿੱਚ ਰੋਸ ਰੈਲੀ ਕਰਨ ਤੋਂ ਬਾਅਦ ਭੁੱਖ ਹੜਤਾਲ ਕਰਕੇ ਪੱਕਾ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਕੌਂਸਲ ਦੇ ਸੂਬਾ ਆਗੂ ਕਰਮਜੀਤ ਸਿੰਘ, ਸੀਨੀਅਰ ਆਗੂ ਕਰਮਜੀਤ ਸਿੰਘ ਖੋਖਰ ਮੌਜੂਦ ਸਨ