ਜਗਤਾਰ ਸਮਾਲਸਰ
ਏਲਨਾਬਾਦ, 24 ਮਾਰਚ
ਇੱਥੋਂ ਦੇ ਪਿੰਡ ਦਮਦਮਾ ਵਿੱਚ ਸਥਿਤ ਬੀਐੱਸਐੱਨਐੱਲ ਦੇ ਟਾਵਰ ਵਿੱਚ ਪੂਰੀ ਰੇਂਜ ਨਾ ਆਉਣ ਕਾਰਨ ਗੁੱਸੇ ਵਿੱਚ ਆਏ ਪਿੰਡ ਵਾਸੀਆ ਨੇ ਅੱਜ ਟੈਲੀਫੋਨ ਐਕਸਚੇਂਜ ਨੂੰ ਜਿੰਦਰਾ ਲਗਾ ਕੇ ਧਰਨਾ ਦਿੱਤਾ। ਇਸ ਦੌਰਾਨ ਇੱਕਠੇ ਹੋਏ ਪਿੰਡ ਵਾਸੀਆਂ ਸ਼ੇਰ ਸਿੰਘ, ਰਾਜਿੰਦਰ ਸਿੰਘ, ਸੁਖਦੇਵ ਸਿੰਘ, ਗੁਰਦੇਵ ਸਿੰਘ, ਜਗਦੇਵ ਸਿੰਘ, ਜਗਦੀਸ਼ ਸਿੰਘ ਨੇ ਦੱਸਿਆ ਕਿ ਇਸ ਟਾਵਰ ਤੋਂ ਦਮਦਮਾ ਸਹਿਤ ਲਾਗਲੇ ਪਿੰਡਾਂ ਹਰੀਪੁਰਾ ਅਤੇ ਧਰਮਪੁਰਾ ਨੂੰ ਵੀ ਰੇਂਜ ਜਾਂਦੀ ਹੈ ਪਰ ਪਿਛਲੇ ਦੋ ਮਹੀਨੇ ਤੋਂ ਇਹ ਰੇਂਜ ਨਾਮਾਤਰ ਹੋਣ ਕਾਰਨ ਤਿੰਨਾਂ ਪਿੰਡਾਂ ਦੇ ਲੋਕ ਪ੍ਰੇਸ਼ਾਨ ਹਨ। ਕਿਸਾਨ ਅੰਦੋਲਨ ਦੇ ਚੱਲਦਿਆਂ ਰੋਸ ਵਜੋਂ ਉਨ੍ਹਾਂ ਨੇ ਕੁਨੈਕਸ਼ਨ ਬੀਐੱਸਐੱਨਐੱਲ ਵਿੱਚ ਤਬਦੀਲ ਕਰਵਾ ਲਏ ਹਨ। ਲੋਕਾਂ ਨੇ ਦੱਸਿਆ ਕਿ ਐਕਸਚੇਂਜ ਵਿੱਚ ਬੈਟਰੀ ਅਤੇ ਜਰਨੇਟਰ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਐਕਸਚੇਂਜ ਨੂੰ ਤਾਲਾ ਲਗਾ ਕੇ ਇੱਥੇ ਹੀ ਧਰਨਾ ਦਿੱਤਾ ਜਾਵੇਗਾ। ਵਿਭਾਗ ਦੇ ਐਕਸੀਅਨ ਪਵਨ ਕੁਮਾਰ ਚਾਵਲਾ ਨੇ ਕਿਹਾ ਕਿ ਇਹ ਸ਼ਿਕਾਇਤ ਉਨ੍ਹਾਂ ਤੱਕ ਪਹੁੰਚ ਚੁੱਕੀ ਹੈ ਅਤੇ ਅੱਜ ਹੀ ਕਰਮਚਾਰੀਆਂ ਨੂੰ ਭੇਜ ਕੇ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ।