ਪੱਤਰ ਪ੍ਰੇਰਕ
ਤਪਾ ਮੰਡੀ, 6 ਨਵੰਬਰ
ਸਿਹਤ ਵਿਭਾਗ ਵਿੱਚ ਨੈਸ਼ਨਲ ਹੈਲਥ ਮਿਸ਼ਨ ਤਹਿਤ 18 ਸਾਲਾਂ ਤੋਂ ਨਿਗੂਣੀ ਤਨਖਾਹਾਂ ’ਤੇ ਕੰਮ ਕਰਦੇ ਮੈਡੀਕਲ, ਪੈਰਾ-ਮੈਡੀਕਲ ਅਤੇ ਦਫ਼ਤਰੀ ਸਿਹਤ ਕਾਮਿਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਢਾਈ ਸਾਲ ਬੀਤੇ ਜਾਣ ’ਤੇ ਵੀ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਸ ਕਾਰਨ ਕਰਮਚਾਰੀਆਂ ’ਚ ਰੋਸ ਹੈ। ਇਸ ਦੌਰਾਨ ਐੱਨਐੱਚਐੱਮ ਐਂਪਲਾਈਜ਼ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਸੰਦੀਪ ਕੌਰ ਤਪਾ ਨੇ ਦੱਸਿਆ ਕਿ ਕਰਮਚਾਰੀਆਂ ਨੇ ਫੈਸਲਾ ਕੀਤਾ ਹੈ ਕਿ ਵਿਧਾਨ ਸਭਾ ਦੀਆਂ ਉਪ ਚੋਣਾਂ ’ਚ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਹੋਏ ਪੋਲ ਖੋਲ੍ਹ ਰੈਲੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 9 ਨਵੰਬਰ ਨੂੰ ਬਰਨਾਲਾ ਤੋਂ ਪੋਲ ਖੋਲ੍ਹ ਰੈਲੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਵੱਲੋਂ ਸਾਲ 2017 ਤੋਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਸਰਵਿਸ ਬਾਇਲਾਜ਼ ਬਣਾ ਕੇ ਰੈਗੂਲਰ ਪੇਅ ਸਕੇਲ, ਪੇਅ ਕਮਿਸ਼ਨ, ਡੀਏ ਅਤੇ ਮੈਡੀਕਲ ਰੀਇਮਬਰਸਮੈਂਟ ਦਿੱਤੀ ਜਾ ਰਹੀ ਹੈ। ਉਨ੍ਹਾਂ ਦੀਆਂ ਮੰਗਾਂ ’ਚ ਰੈਗੂਲਰ ਕਰਨਾ, ਹਰਿਆਣਾ ਦੀ ਤਰਜ਼ ’ਤੇ ਤਨਖਾਹਾਂ ਵਿੱਚ ਵਾਧਾ ਕਰਨਾ, ਲਾਇਲਟੀ ਬੋਨਸ ਅਤੇ ਹੈਲਥ ਇੰਸ਼ੋਰੈਂਸ ਸ਼ਾਮਲ ਹਨ ਜੋ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਮਨਜੀਤ ਸਿੰਘ, ਨੀਲੂ, ਕੁਲਦੀਪ ਕੌਰ, ਮਨਜੀਤ ਕੌਰ ਅਤੇ ਪ੍ਰਦੀਪ ਸਿੰਘ ਨੇ ਸੰਬੋਧਨ ਕੀਤਾ।