ਭੁੱਚੋ ਮੰਡੀ (ਪੱਤਰ ਪ੍ਰੇਰਕ): ਪਿੰਡ ਭੁੱਚੋ ਕਲਾਂ ਵਿੱਚ ਅੱਜ ਕਿਸਾਨ ਹਰਗੋਬਿੰਦ ਸਿੰਘ ਤੋਂ ਪਿੰਡ ਤੁੰਗਵਾਲੀ ਦੇ ਕੁਲਦੀਪ ਸਿੰਘ ਨੇ ਠੇਕੇ ’ਤੇ ਲਈ ਚਾਰ ਏਕੜ, ਪਿੰਡ ਕਰਤਾਰਪੁਰ ਥਾਂਦੇ ਦੇ ਕਿਸਾਨ ਦਰਸ਼ਨ ਸਿੰਘ ਨੇ ਸਵਾ ਏਕੜ, ਪਿੰਡ ਤੁੰਗਵਾਲੀ ਦੇ ਕਿਸਾਨ ਗੁਰਜੰਟ ਸਿੰਘ ਨੇ 5 ਏਕੜ, ਬੂਟਾ ਸਿੰਘ ਨੇ ਦੋ ਏਕੜ, ਰਣਜੀਤ ਸਿੰਘ ਨੇ ਇੱਕ ਏਕੜ ਅਤੇ ਗੁਰਜੰਟ ਸਿਘ ਨੰਬਰਦਾਰ ਨੇ ਤਿੰਨ ਏਕੜ ਨਰਮੇ ਦੀ ਫਸਲ ਵਾਹ ਦਿੱਤੀ ਹੈ। ਕਿਸਾਨਾਂ ਨੂੰ ਮਿਆਰੀ ਬੀਜ ਅਤੇ ਕੀਟਨਾਸ਼ਕ ਨਾ ਮਿਲਣ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਭੁੱਚੋ ਕਲਾਂ ਦੇ ਖੇਤਾਂ ਵਿੱਚ ਨਾਅਰੇਬਾਜ਼ੀ ਕਰਕੇ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ। ਇਸ ਮੌਕੇ ਪਿੰਡ ਤੁੰਗਵਾਲੀ ਇਕਾਈ ਦੇ ਪ੍ਰਧਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਕੁਲਦੀਪ ਸਿੰਘ ਤੁੰਗਵਾਲੀ ਨੇ 47 ਹਜ਼ਾਰ ਰਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਚਾਰ ਏਕੜ ਜ਼ਮੀਨ ਠੇਕੇ ’ਤੇ ਲਈ ਸੀ ਅਤੇ ਬਿਜਾਈ ’ਤੇ ਵੀ ਖਰਚਾ ਆਇਆ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਕਿਸਾਨ ਆਗੂ ਬਿੱਕਰ ਸਿੰਘ, ਅਵੀ ਜੈਦ, ਕੁਲਦੀਪ ਸਿੰਘ, ਹਰਮੰਦਰ ਸਿੰਘ ਅਤੇ ਜੰਸਾ ਸਿੰਘ ਹਾਜ਼ਰ ਸਨ।