ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 5 ਦਸੰਬਰ
ਪ੍ਰਧਾਨ ਮੰਤਰੀ ਸਰਕਾਰੀ ਅਨਾਜ ਯੋਜਨਾ ਤਹਿਤ ਕਣਕ ਨਾ ਮਿਲਣ ਤੋਂ ਅੱਕੇ ਪਿੰਡ ਰਾਜਗੜ੍ਹ ਦੇ ਨੀਲੇ ਕਾਰਡਧਾਰਕਾਂ ਨੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋ ਕੇ ਸਰਕਾਰ ਤੇ ਪ੍ਰਸ਼ਾਸ਼ਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਾਰਡਧਾਰਕਾਂ ਨੇ ਆਪਣੇ ਰਾਸ਼ਨ ਕਾਰਡ ਦਿਖਾਉਂਦਿਆਂ ਕਿਹਾ ਕਿ ਜੇਕਰ ਉਨ੍ਹਾਂ ਦਾ ਬਣਦਾ ਹੱਕ ਨਾ ਦਿੱਤਾ ਗਿਆ ਤਾਂ ਉਹ 8 ਦਸੰਬਰ ਨੂੰ ਬਰਨਾਲਾ-ਬਾਜਾਖਾਨਾ ਸੜਕ ’ਤੇ ਅਣਮਿੱਥੇ ਸਮੇਂ ਲਈ ਧਰਨਾ ਲਾਉਣਗੇ।
ਜ਼ਿਕਰਯੋਗ ਹੈ ਕਿ ਕਰੋਨਾ ਕਾਲ ਦੇ ਚਲਦਿਆਂ ਕੇਂਦਰ ਸਰਕਾਰ ਵੱਲੋਂ ਆਰਥਿਕ ਤੰਗੀ ਨਾਲ ਜੂਝ ਰਹੇ ਨੀਲੇ ਕਾਰਡਧਾਰਕਾਂ ਨੂੰ ਪ੍ਰਤੀ ਮੈਂਬਰ 25 ਕਿਲੋ ਕਣਕ ਡਿੱਪੂ ਹੋਲਡਰਾਂ ਰਾਹੀਂ ਮੁਫਤ ਦਿੱਤੀ ਜਾਣੀ ਸੀ ਪ੍ਰੰਤੂ ਪ੍ਰਸ਼ਾਸਨ ਦੇ ਗੈਰ ਜ਼ਿੰਮੇਵਾਰਾਨਾ ਰਵੱਈਏ ਕਾਰਨ ਪਿੰਡ ਰਾਜਗੜ੍ਹ ਦੇ ਤਕਰੀਬਨ 500 ਕਾਰਡਧਾਰਕ ਇਸ ਲਾਭ ਤੋਂ ਵਾਝੇਂ ਰਹਿ ਗਏ ਹਨ ਜਿਸ ਕਾਰਨ ਗਰੀਬ ਵਰਗ ‘ਚ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਤੁਰੰਤ ਉਕਤ ਕਣਕ ਦਾ ਕੋਟਾ ਜਾਰੀ ਕਰੇ।
ਇਸ ਸਬੰਧੀ ਇੰਸਪੈਕਟਰ ਚੇਤਨ ਕੁਮਾਰ ਸਰਕਲ ਭਾਈਰੂਪਾ ਨੇ ਕਿਹਾ ਕਿ ਐੱਫਸੀਆਈ ਵੱਲੋਂ ਕਣਕ ਦੀ ਸਪਲਾਈ ਬੰਦ ਕੀਤੀ ਗਈ ਹੈ ਜਿਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ ਤੇ ਉਮੀਦ ਹੈ ਕਿ ਜਲਦ ਹੀ ਕਣਕ ਜਾਰੀ ਹੋ ਜਾਵੇਗੀ।