ਮੋਗਾ: ਇੱਥੇ ਬੀਤੇ ਦਿਨ ਜ਼ਿਲ੍ਹਾ ਸਕੱਤਰੇਤ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਜਦੋਂ ਜ਼ਿਲ੍ਹਾ ਦੁੱਖ ਨਿਵਾਰਨ ਕਮੇਟੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ ਤਾਂ ਬਾਹਰ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ਇਸ ਮੌਕੇ ਮੰਗਾਂ ਨਾ ਮੰਨਣ ਕਾਰਨ 5 ਤੋਂ 10 ਸਤੰਬਰ ਤੱਕ ਸੂਬੇ ਦੇ ਸਮੂਹ ਡੀਸੀ ਦਫ਼ਤਰਾਂ, ਸਮੂਹ ਐੱਸਡੀਐੱਮ ਦਫ਼ਤਰਾਂ, ਸਮੂਹ ਤਹਿਸੀਲ ਅਤੇ ਉਪ ਤਹਿਸੀਲ ਦਫ਼ਤਰਾਂ ਦੇ ਸਾਰੇ ਕਰਮਚਾਰੀ ਦਫ਼ਤਰੀ ਕੰਮ ਬੰਦ ਰੱਖਣ ਦਾ ਐਲਾਨ ਵੀ ਕੀਤਾ ਗਿਆ। ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਸਿੱਧੂ, ਜਨਰਲ ਸਕੱਤਰ ਸੰਦੀਪ ਕੁਮਾਰ ਦੀ ਅਗਵਾਈ ਹੇਠ ਗੇਟ ਰੈਲੀ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਦੱਸਿਆ ਕਿ 26 ਅਤੇ 30 ਅਗਸਤ ਨੂੰ ਪੂਰੇ ਸੂਬੇ ਵਿੱਚ ਦੁਪਹਿਰ 12 ਤੋਂ 1.30 ਵਜੇ ਤੱਕ ਦਫ਼ਤਰਾਂ ਅੰਦਰ ਸੰਕੇਤਕ ਧਰਨੇ ਪ੍ਰਦਰਸ਼ਨ ਕਰਨਗੇ। -ਨਿੱਜੀ ਪੱਤਰ ਪ੍ਰੇਰਕ