ਜੋਗਿੰਦਰ ਸਿੰਘ ਮਾਨ
ਮਾਨਸਾ, 9 ਮਾਰਚ
ਨੇੜਲੇ ਪਿੰਡ ਨੰਗਲ ਕਲਾਂ ਵਿੱਚ ਅਧੂਰੀ ਛੱਡੀ ਸੜਕ ਕਾਰਨ ਪਿੰਡ ਵਾਸੀ ਪ੍ਰੇਸ਼ਾਨ ਹਨ। ਅੱਜ ਪਿੰਡ ਵਾਸੀਆਂ ਨੇ ਕੰਮ ਪੂਰਾ ਕਰਵਾਉਣ ਲਈ ਠੇਕੇਦਾਰ ਅਤੇ ਜੇਈ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਪਿੰਡ ਬਰਨਾਲਾ ਤੋਂ ਨੰਗਲ ਕਲਾਂ ਨੂੰ ਜਾਂਦੀ ਸੜਕ ਪਿਛਲੇ 8 ਮਹੀਨੇ ਪਹਿਲਾਂ ਬਣਨੀ ਸ਼ੁਰੂ ਹੋਈ ਸੀ ਜੋ ਪੂਰੀ ਨਹੀਂ ਕੀਤੀ ਗਈ। ਪਿੰਡ ਨੰਗਲ ਕਲਾਂ ਦੇ ਕਿਰਪਾ ਸਿੰਘ ਨੇ ਦੱਸਿਆ ਕਿ ਇਸ ਸੜਕ ਰਾਹੀਂ ਲੋਕਾਂ ਨੂੰ ਗੈਸ ਏਜੰਸੀ ਸਣੇ ਹੋਰ ਕੰਮਾਂ ਲਈ ਜਾਣਾ ਪੈਂਦਾ ਹੈ। ਰਸਤਾ ਖ਼ਰਾਬ ਹੋਣ ਕਾਰਨ ਲੋਕ ਮੀਂਹ ਅਤੇ ਹਨੇਰੇ ਵਿਚ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੜਕ ਉੱਪਰ ਭੱਠਾ ਅਤੇ ਸਕੂਲ ਵੀ ਹੈ। ਸੜਕ ਖ਼ਰਾਬ ਹੋਣ ਕਾਰਨ ਸਕੂਲੀ ਬੱਚੇ ਵੀ ਪ੍ਰੇਸ਼ਾਨ ਹੁੰਦੇ ਹਨ। ਪਿੰਡ ਵਾਸੀਆਂ ਨੇ ਕਿਹਾ ਜੇ ਅਗਲੇ ਦਿਨਾਂ ਵਿੱਚ ਇਸ ਸੜਕ ਦਾ ਟੋਟਾ ਪੂਰਾ ਨਾ ਕੀਤਾ ਗਿਆ ਤਾਂ ਸਬੰਧਿਤ ਮਹਿਕਮੇ ਖ਼ਿਲਾਫ਼ ਮੁਜ਼ਾਹਰਾ ਤੇ ਧਰਨਾ ਵੀ ਦਿੱਤਾ ਜਾਵੇਗਾ। ਇਸ ਸੜਕ ਸਬੰਧੀ ਮੰਡੀ ਬੋਰਡ ਦੇ ਜੇਈ ਅਮਿਤ ਕੁਮਾਰ ਨੇ ਕਿਹਾ ਕਿ ਅਜੇ ਪੀਸੀ ਪਾਉਣ ਵਾਲਾ ਮੌਸਮ ਨਹੀਂ ਹੈ ਜਦੋਂ ਮੌਸਮ ਅਨੁਕੂਲ ਹੋਵੇਗਾ ਪੀਸੀ ਪਾ ਦਿੱਤੀ ਜਾਵੇਗੀ ਤੇ ਇਹ ਸੜਕ ਦਾ ਟੋਟਾ ਪੂਰਾ ਕਰ ਦਿੱਤਾ ਜਾਵੇਗਾ।