ਖੇਤਰੀ ਪ੍ਰਤੀਨਿਧ
ਬਰਨਾਲਾ, 9 ਜੂਨ
ਸੇਵਾ ਕੇਂਦਰ ਬਰਨਾਲਾ ਵਿੱਚ ਕੰਮ ਲਈ ਪੁੱਜੇ ਲੋਕਾਂ ਮੁਲਾਜ਼ਮਾਂ ਦੇ ਰੁੱਖੇ ਵਿਵਹਾਰ ਤੇ ਗਰਮੀ ਮੌਸਮ ਵਿੱਚ ਸਹੂਲਤਾਂ ਦੀ ਘਾਟ ਤੋਂ ਖਫ਼ਾ ਹੋ ਕੇ ਅੱਜ ਬਾਅਦ ਦੁਪਹਿਰ ਕੰਪਲੈਕਸ ਦੇ ਅੰਦਰ ਹੀ ਰੋਸ ਪ੍ਰਦਰਸ਼ਨ ਕਰਕੇ ਜ਼ਿਲ੍ਹਾ ਪ੍ਰਸਾਸ਼ਨ ਖਿਲਾਫ਼ ਭੜਾਸ ਕੱਢੀ| ਪ੍ਰਦਰਸ਼ਨਕਾਰੀਆਂ ’ਚ ਸ਼ਾਮਲ ਪਿੰਡ ਚੰਨਣਵਾਲ ਦੇ ਸਤਨਾਮ ਸਿੰਘ, ਗੁਰਜੋਤ ਸਿੰਘ, ਬਰਨਾਲਾ ਵਾਸੀ ਗੁਰਜੰਟ ਸਿੰਘ, ਸਾਬਕਾ ਮੈਨੇਜਰ ਤੇ ਸੀਨੀਅਰ ਸਿਟੀਜਨ ਸੁਭਾਸ਼ ਕੁਮਾਰ, ਅਸ਼ੋਕ ਕੁਮਾਰ, ਰਾਕੇਸ਼ ਕੁਮਾਰ, ਸੰਤੋਖ਼ ਸਿੰਘ ਪੱਖੋਕੇ, ਲਵਪ੍ਰੀਤ ਸਿੰਘ ਅਤੇ ਗੁਰਬੀਰ ਸਿੰਘ ਠੁੱਲੀਵਾਲ ਨੇ ਕਿਹਾ ਕਿ ਅੱਤ ਦੀ ਗਰਮੀ ਦੇ ਬਾਵਜੂਦ ਦੂਰ ਦੁਰੇਡਿਓ ਸਵੇਰੇ ਤੋਂ ਹੀ ਕੰਮਾਂ ਲਈ ਪੁੱਜੇ ਲੋਕ ਕਰੋੜਾਂ ਦੀ ਲਾਗਤ ਨਾਲ ਬਣੇ ਇਸ ਕੇਂਦਰ ਵਿੱਚ ਬਿਨਾਂ ਬਿਜਲੀ ਦੇ ਪੱਖਿਆਂ ਗਰਮੀ ਦੀ ਮਾਰ ਝੱਲ ਰਹੇ ਸਨ ਜਦੋਂਕਿ ਕੈਬਨਾਂ ਵਿੱਚ ਬੈਠੇ ਸੇਵਾ ਕੇਂਦਰ ਦੇ ਕਾਮੇ ਆਪਣੇ ਪੱਖੇ ਛੱਡੀ ਬੈਠੇ ਸਨ। ਢਿੱਲੀ ਕਾਰਗੁਜ਼ਾਰੀ ਤੇ ਅੱਖੜ ਰਵੱਈਏ ਕਾਰਨ ਪਹਿਲਾਂ ਹੀ ਪ੍ਰੇਸ਼ਾਨ ਲੋਕਾਂ ਨੇ ਕਿਹਾ ਕਿ ਚੁਫੇਰੇ ਸੀਸੀਟੀਵੀ ਕੈਮਰੇ ਹੋਣ ਦੇ ਬਾਵਜੂਦ ਉਪਰ ਜਾਂ ਨੇੜੇ ਹੀ ਏਸੀ ਕਮਰਿਆਂ ਵਿੱਚ ਬੈਠੇ ਐੱਸਡੀਐੱਮ ਤੇ ਡੀਸੀ ਸਮੇਤ ਸਭ ਅਧਿਕਾਰੀ ਅੱਖਾਂ ਮੀਟੀ ਬੈਠੇ ਹਨ| ਸਤਨਾਮ ਸਿੰਘ ਨੇ ਤਾਂ ਐੱਸਡੀਐਮ ਦਫ਼ਤਰ ਪੁੱਜ ਕੇ ਵੀ ਸ਼ਿਕਾਇਤ ਦਰਜ ਕਰਵਾਈ ਸੀ| ਮਾਮਲਾ ਭਖਦਾ ਦੇਖ ਐੱਸਡੀਐੱਮ ਦਫ਼ਤਰ ਵੱਲੋਂ ਮਹਿਜ ਇੱਕ ਮਹਿਲਾ ਮੁਲਾਜ਼ਮ ਨੂੰ ਮੁਆਇਨੇ ਲਈ ਭੇਜਿਆ| ਉਸ ਨੂੰ ਵੀ ਪੀੜਤਾਂ ਦੀਆਂ ਖਰੀਆਂ ਖਰੀਆਂ ਸੁਣਨੀਆਂ ਪਈਆਂ| ਅਖੀਰ ਪ੍ਰਬੰਧਕਾਂ ਵੱਲੋਂ ਪਬਲਿਕ ਦੇ ਬੈਠਣ ਵਾਲੀ ਥਾਂ ਤੋਂ ਮੁਰੰਮਤ ਲਈ ਪੱਖੇ ਲਾਹੇ ਹੋਣ ਤੇ ਦੂਜਾ ਨੈੱਟ ਦੀ ਸਪੀਡ ਸਲੋਅ ਹੋਣ ਕਾਰਨ ਕੁੱਝ ਸਮੱਸਿਆ ਆਉਣ ਦੀ ਗੱਲ ਆਖ ਕੇ ਜਲਦੀ ਹੱਲ ਦਾ ਭਰੋਸਾ ਦਿਵਾਉਂਦਿਆਂ ਖਹਿੜਾ ਛੁਡਵਾਇਆ|
ਹੁਣ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ ਸੇਵਾ ਕੇਂਦਰ
ਮਾਨਸਾ: ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਕੋਵਿਡ-19 ਦੇ ਕੇਸਾਂ ਵਿੱਚ ਹੁਣ ਕਾਫ਼ੀ ਗਿਰਾਵਟ ਆਈ ਹੈ। ਇਸ ਕਾਰਨ ਸਰਕਾਰ ਦੇ ਹੁਕਮਾਂ ਅਨੁਸਾਰ ਸੇਵਾ ਕੇਂਦਰਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਸੇਵਾ ਕੇਂਦਰ ਸਵੇਰ 9 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣਗੇ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਸ਼ਨਿਚਰਵਾਰ ਵਾਲੇ ਦਿਨ ਵੀ ਸਵੇਰ 9 ਤੋਂ 5 ਵਜੇ ਤੱਕ ਖੁੱਲ੍ਹੇ ਰਹਿਣਗੇ।-ਪੱਤਰ ਪ੍ਰੇਰਕ