ਪੱਤਰ ਪ੍ਰੇਰਕ
ਮਾਨਸਾ, 21 ਫਰਵਰੀ
ਬੇਸ਼ੱਕ ਪੰਜਾਬ ਭਰ ਵਿੱਚ 2017 ਦੇ ਮੁਕਾਬਲੇ 5 ਪ੍ਰਤੀਸ਼ਤ ਵੋਟ ਘੱਟ ਪੋਲ ਹੋਈ ਹੈ, ਪਰ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਵਿੱਚ ਇਸ ਵਾਰ 83.64 ਫੀਸਦੀ ਵੋਟਾਂ ਭੁਗਤਣ ਨਾਲ ਇੱਕ ਨਵਾਂ ਰਿਕਾਰਡ ਕਾਇਮ ਹੋ ਗਿਆ ਹੈ। ਇਸ ਵਿਧਾਨ ਸਭਾ ਹਲਕੇ ਦੇ ਬਹੁਤ ਸਾਰੇ ਪਿੰਡ ’ਚ 90 ਪ੍ਰਤੀਸ਼ਤ ਤੋਂ ਵੱਧ ਵੋਟਾਂ ਭੁਗਤੀਆਂ ਹਨ, ਜਿਨ੍ਹਾਂ ਨੂੰ ਲੋਕਤੰਤਰ ਦੀ ਲੜਾਈ ਵਿੱਚ ਬੜੀ ਅਹਿਮੀਅਤ ਨਾਲ ਵੇਖਿਆ ਜਾਣ ਲੱਗਾ ਹੈ। ਪੰਜਾਬ ’ਚ ਵੋਟਾਂ ਦੇ ਵੱਧ-ਘੱਟ ਭੁਗਤਣ ਨੂੰ ਲੈਕੇ ਸਰਕਾਰਾਂ ਬਦਲਦੀਆਂ ਤੇ ਮੁੜ ਕਾਇਮ ਰਹਿਣ ਦਾ ਰੁਝਾਨ ਵੇਖਣ ਨੂੰ ਅਕਸਰ ਮਿਲਦਾ ਆਇਆ ਹੈ। ਮਾਨਸਾ ਜ਼ਿਲ੍ਹੇ ਵੱਲੋਂ ਇਸ ਵਾਰ ਮੁੜ ਪੰਜਾਬ ਭਰ ’ਚੋਂ ਸਭ ਤੋਂ ਵੱਧ ਵੋਟਾਂ ਪਾਉਣ ਦੀ ਪ੍ਰਤੀਸ਼ਤਤਾ 81.13 ਫੀਸਦੀ ਰਹੀ ਹੈ। ਇਹ ਗਿਣਤੀ ਪਿਛਲੇ ਲਗਾਤਾਰ ਤਿੰਨ ਵਾਰ ਨਾਲੋਂ ਘੱਟਣ ਨੂੰ ਲੈ ਕੇ ਹੁਣ ਜਿੱਤਾਂ-ਹਾਰਾਂ ਦੇ ਟਰੈਂਡ ਨੂੰ ਬਦਲ ਸਕਦੀਆਂ ਹਨ। ਵੇਰਵਿਆਂ ਮੁਤਾਬਕ 2017 ਵਿੱਚ 84.4, 2012 ਵਿੱਚ 82.2 ਤੇ 2007 ’ਚ 85.5 ਫੀਸਦੀ ਤੇ 2002 ’ਚ 72.4 ਪ੍ਰਤੀਸ਼ਤ ਰਿਕਾਰਡ ਕਾਇਮ ਕਰਕੇ ਮਾਨਸਾ ਰਾਜ ਭਰ ’ਚੋਂ ਮੋਹਰੀ ਰਿਹਾ ਸੀ।
ਦਿਲਚਸਪ ਗੱਲ ਹੈ ਕਿ ਮਾਨਸਾ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿੱਚ ਭਾਰੀ ਮੱਤਦਾਨ ਹੋਣ ਦਾ ਰਿਕਾਰਡ ਕਾਇਮ ਹੋ ਗਿਆ ਹੈ। ਪ੍ਰਾਪਤ ਅੰਕੜਿਆਂ ਮੁਤਾਬਕ ਅਕਾਲੀ ਦਲ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਦੇ ਪਿੰਡ ਭੂੰਦੜ ’ਚ ਸਾਰੇ ਜ਼ਿਲ੍ਹੇ ’ਚੋਂ ਸਭ ਤੋਂ ਵੱਧ 94.33 ਫੀਸਦੀ ਵੋਟਾਂ ਭੁਗਤੀਆਂ ਹਨ, ਜੋ ਇਕ ਰਿਕਾਰਡ ਹੈ, ਉਥੇ 724 ’ਚੋਂ 683 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਇਸੇ ਤਰ੍ਹਾਂ ਬੂਥ ਨੰ.129 ਪਿੰਡ ਚੈਨੇਵਾਲਾ ’ਚ 667 ’ਚੋਂ 624 ਵੋਟਾਂ ਪਾਈਆਂ ਗਈਆਂ, ਜੋ 93.95 ਫੀਸਦੀ ਬਣਦਾ ਹੈ। ਪਿੰਡ ਦੇ ਬੂਥ ਨੰ:128 ’ਚੋਂ 92 ਫੀਸਦੀ ਤੋਂ ਉਤੇ ਵੋਟਾਂ ਪੋਲ ਹੋਈਆਂ। ਇਸ ਹਲਕੇ ਦੇ ਬੂਥ ਨੰ:142 ਪਿੰਡ ਬਰਨ ਤੇ ਬੂਥ ਨੰ:144 ਪਿੰਡ ਚੋਟੀਆਂ ’ਚ ਵੀ 92 ਪ੍ਰਤੀਸ਼ਤ ਤੋਂ ਉਤੇ ਵੋਟਾਂ ਭੁਗਤੀਆਂ ਹਨ।
ਮਾਨਸਾ ਹਲਕੇ ਦੇ ਬੂਥ ਨੰ:168 ਪਿੰਡ ਬੀਰ ਖੁਰਦ 742 ’ਚੋਂ 680 ਵੋਟੀਆਂ ਪਾਈਆਂ ਗਈਆਂ, ਜੋ 91.64 ਫੀਸਦੀ ਹੈ। ਇਸ ਤੋਂ ਇਲਾਵਾ ਬੁਢਲਾਡਾ ਹਲਕੇ ਦੇ ਬੂਥ ਨੰ:209 ਪਿੰਡ ਜੁਗਲਾਨ 752 ਵਿਚੋਂ 685, ਬੂਥ ਨੰ:198 ਪਿੰਡ ਆਡਿਆਂਵਾਲੀਆਂ ’ਚੋਂ 973 ਤੋਂ 886, ਬੂਥ ਨੰ:197 ਪਿੰਡ ਚੱਕ ਅਲੀਸ਼ੇਰ 640 ’ਚੋਂ 578 ਵੋਟਰਾਂ ਨੇ ਆਪਣੇ ਮੱਤਦਾਨ ਦੀ ਵਰਤੋਂ ਕੀਤੀ ਹੈ। ਇਨ੍ਹਾਂ ਸਾਰੇ ਪੋਲਿੰਗ ਬੂਥਾਂ ਵਿੱਚ 90 ਪ੍ਰਤੀਸ਼ਤ ਤੋਂ ਉਪਰ ਵੋਟਾਂ ਦਾ ਭੁਗਤਾਨ ਹੋਇਆ ਹੈ।
ਮਾਨਸਾ ਜ਼ਿਲ੍ਹੇ ’ਚ ਪਈਆਂ ਵੋਟਾਂ ਨਾਲ ਜ਼ਿਲੇ ਦੇ 34 ਉਮੀਦਵਾਰਾਂ, ਜਿਨ੍ਹਾਂ ’ਚ ਮਾਨਸਾ ਦੇ 11, ਸਰਦੂਲਗੜ ਦੇ 13 ਤੇ ਬੁਢਲਾਡਾ ਦੇ 10 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈਵੀਐਮਜ਼ (ਇਲੈਕਟ੍ਰੋਨਿਕ ਵੋਟਿੰਗ ਮਸ਼ੀਨ) ’ਚ ਬੰਦ ਹੋ ਗਿਆ ਹੈ।