ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 21 ਨਵੰਬਰ
ਅਬੋਹਰ ਦੇ ਗਾਂਧੀ ਚੌਕ ਸਥਿਤ ਸੇਠੀ ਗੰਨ ਹਾਊਸ ਤੋਂ ਅੱਜ ਦੋ ਅਣਪਛਾਤੇ ਵਿਅਕਤੀ 32 ਬੋਰ ਦਾ ਰਿਵਾਲਵਰ ਲੈ ਕੇ ਫ਼ਰਾਰ ਹੋ ਗਏ। ਪਿਸਤੌਲ ਲੈ ਜਾਣ ਦੀ ਸੂਚਨਾ ਤੋਂ ਬਾਅਦ ਡੀਐੱਸਪੀ ਰਾਹੁਲ ਭਾਰਦਵਾਜ ਅਤੇ ਥਾਣਾ ਸਿਟੀ ਅਬੋਹਰ ਦੇ ਸਬ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਪੁਲੀਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਪੜਤਾਲ ਦੌਰਾਨ ਸੀਸੀਟੀਵੀ ਫੁਟੇਜ ਤੋਂ ਪੁਲੀਸ ਨੂੰ ਕੁਝ ਸੁਰਾਗ ਮਿਲੇ ਹਨ। ਦੁਪਹਿਰ ਕਰੀਬ ਬਾਰਾਂ ਵਜੇ ਵਾਪਰੀ ਇਸ ਘਟਨਾ ਦੌਰਾਨ ਅਸਲਾ ਡੀਲਰ ਦਾ 14 ਸਾਲਾ ਪੁੱਤਰ ਅਹਿਸਾਸ ਸੇਠੀ ਇਕੱਲਾ ਹੀ ਦੁਕਾਨ ’ਤੇ ਮੌਜੂਦ ਸੀ। ਮੁੰਡੇ ਨੇ ਦੱਸਿਆ ਕਿ ਦੋ ਨੌਜਵਾਨ ਦੁਕਾਨ ’ਤੇ ਆਏ, ਪਹਿਲਾਂ ਉਨ੍ਹਾਂ ਨੇ ਏਅਰ ਗੰਨ ਮੰਗੀ ਅਤੇ ਬਾਅਦ ਵਿੱਚ ਬਾਰਾਂ ਬੋਰ ਦੇ ਕਾਰਤੂਸ। ਇਸੇ ਦੌਰਾਨ ਉਨ੍ਹਾਂ ਨੇ ਪਿਸਤੌਲ ਦਿਖਾਉਣ ਲਈ ਕਿਹਾ ਤਾਂ ਬੱਚੇ ਨੇ ਦਰਾਜ ਵਿੱਚੋਂ ਪਿਸਤੌਲ ਕੱਢ ਕੇ ਦਿਖਾ ਦਿੱਤਾ। ਮੁੰਡੇ ਨੂੰ ਗੱਲਾਂ ਵਿੱਚ ਉਲਝਾ ਕੇ ਦੋਵਾਂ ਵਿੱਚੋਂ ਇੱਕ ਨੇ ਉਪਰੋਕਤ ਪਿਸਤੌਲ ਆਪਣੇ ਡੱਬ ਵਿੱਚ ਟੰਗ ਲਿਆ ਅਤੇ ਰਫੂਚੱਕਰ ਹੋ ਗਏ। ਉਸ ਨੇ ਆਪਣੇ ਪਿਤਾ ਨੂੰ ਸਾਰੀ ਗੱਲ ਤੋਂ ਜਾਣੂ ਕਰਵਾਇਆ ਅਤੇ ਬਾਅਦ ਵਿੱਚ ਮਾਮਲਾ ਪੁਲੀਸ ਤੱਕ ਪਹੁੰਚ ਗਿਆ।