ਖੇਤਰੀ ਪ੍ਰਤੀਨਿਧ
ਬਰਨਾਲਾ, 11 ਫਰਵਰੀ
ਇੱਥੇ ਤਰਕਸ਼ੀਲ ਭਵਨ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਤਰਕਸ਼ੀਲ ਲਹਿਰ ਦੇ ਮਰਹੂਮ ਨਾਇਕ ਕ੍ਰਿਸ਼ਨ ਬਰਗਾੜੀ ਦੀ 22ਵੀਂ ਬਰਸੀ ਸਮਾਗਮ ਮੌਕੇ ‘ਭਾਰਤੀ ਦਰਸ਼ਨ ਅਤੇ ਚਾਰਵਾਕ ਦਾ ਫ਼ਲਸਫਾ’ ਵਿਸ਼ੇ ਸਬੰਧੀ ਸੂਬਾ ਪੱਧਰੀ ਇੱਕ ਸੈਮੀਨਾਰ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਜਮਹੂਰੀ ਅਧਿਕਾਰ ਸਭਾ ਹਰਿਆਣਾ ਦੇ ਮੁਖੀ ਡਾ. ਸੁਖਦੇਵ ਸਿਰਸਾ, ਰਾਸ਼ਟਰੀ ਸਮਾਜਿਕ ਕਾਰਕੁਨ ਹਿਮਾਂਸ਼ੂ ਕੁਮਾਰ, ਸੁਸਾਇਟੀ ਦੇ ਸੂਬਾਈ ਆਗੂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋ, ਕ੍ਰਿਸ਼ਨ ਬਰਗਾੜੀ ਦੀ ਜੀਵਨ ਸਾਥਣ ਮੈਡਮ ਰਾਜਿੰਦਰ ਕੌਰ ਬਰਗਾੜੀ ਅਤੇ ਤਰਕਸ਼ੀਲ ਆਗੂ ਕੁਲਵੰਤ ਕੌਰ ਪਟਿਆਲਾ ਨੇ ਕੀਤੀ। ਮੁੱਖ ਬੁਲਾਰੇ ਡਾ. ਸੁਖਦੇਵ ਸਿਰਸਾ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਮੌਜੂਦਾ ਫ਼ਿਰਕੂ ਹਾਕਮ ਜਮਾਤਾਂ ਵੱਲੋਂ ਮਿਥਿਹਾਸ ਨੂੰ ਇਤਿਹਾਸ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਦਾ ਭਗਵਾਂਕਰਨ ਅਤੇ ਵਪਾਰੀਕਰਨ ਕਰ ਕੇ ਵਿਗਿਆਨਕ ਚੇਤਨਾ ਵਿਕਸਿਤ ਕਰਨ ਦੇ ਸੰਵਿਧਾਨਕ ਅਧਿਕਾਰ ਨੂੰ ਖਤਮ ਕੀਤਾ ਜਾ ਰਿਹਾ ਹੈ।
ਆਦਿਵਾਸੀਆਂ ਦੇ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਨਾਮਵਰ ਸਮਾਜਿਕ ਕਾਰਕੁਨ ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਸਾਮਰਾਜ ਪੱਖੀ ਹਕੂਮਤਾਂ ਜਲ, ਜੰਗਲ, ਜ਼ਮੀਨ ਅਤੇ ਹੋਰਨਾਂ ਖਣਿਜ ਪਦਾਰਥਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਲੁਟਾਉਣ ਲਈ ਗਰੀਬ ਆਦਿਵਾਸੀਆਂ ਨੂੰ ਉਜਾੜਨ ਉੱਤੇ ਤੁਲੀਆਂ ਹੋਈਆਂ ਹਨ।
ਤਰਕਸ਼ੀਲ ਸੂਬਾਈ ਆਗੂ ਰਾਜਪਾਲ ਸਿੰਘ ਨੇ ਮਰਹੂਮ ਆਗੂ ਕ੍ਰਿਸ਼ਨ ਬਰਗਾੜੀ ਦੀ ਤਰਕਸ਼ੀਲ ਲਹਿਰ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ ਅਤੇ ਤਰਕਸ਼ੀਲ ਸੁਸਾਇਟੀ ਦੇ ਵਿਛੜ ਚੁੱਕੇ ਬਾਕੀ ਸਾਥੀਆਂ ਦੇ ਯੋਗਦਾਨ ਨੂੰ ਯਾਦ ਕੀਤਾ।
ਇਸ ਉਪਰੰਤ ਹਿਮਾਂਸ਼ੂ ਕੁਮਾਰ ਨੂੰ ‘ਕ੍ਰਿਸ਼ਨ ਬਰਗਾੜੀ ਯਾਦਗਾਰੀ ਸਨਮਾਨ’, ਲੋਈ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਸਭਨਾਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਸੂਬਾਈ ਆਗੂ ਰਾਮ ਸਵਰਨ ਲੱਖੇਵਾਲੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਕੁੱਝ ਮਤੇ ਵੀ ਪਾਸ ਕੀਤੇ ਗਏ ਤੇ 16 ਤਰੀਕ ਦੇ ‘ਭਾਰਤ ਬੰਦ’ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਗਿਆ।