ਪੱਤਰ ਪ੍ਰੇਰਕ
ਜਲਾਲਾਬਾਦ, 16 ਨਵੰਬਰ
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਫਾਜ਼ਿਲਕਾ ਇਕਾਈ ਵੱਲੋਂ ਅੱਜ ਜਲਾਲਾਬਾਦ ਦੇ ਕਾਲਜ ਵਿੱਚ ਕੌਮੀ ਪ੍ਰੈੱਸ ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਡੀਪੀਆਰਓ ਫਾਜ਼ਿਲਕਾ ਭੁਪਿੰਦਰ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਪਹੁੰਚੇ। ਜਾਗਰਣ ਪੰਜਾਬੀ ਦੇ ਜ਼ਿਲ੍ਹਾ ਇੰਚਾਰਜ ਰਿਤਿਸ਼ ਕੁਕੜ ਨੇ ਵਿਸ਼ੇਸ਼ ਮਹਿਮਾਨ ਵਜੋਂ ਆਪਣੀ ਹਾਜ਼ਰੀ ਲਗਾਈ। ਸਮਾਗਮ ਦੀ ਸ਼ੁਰੂਆਤ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਟੋਨੀ ਛਾਬੜਾ ਨੇ ਮਹਿਮਾਨਾਂ ਦਾ ਸਵਾਗਤ ਕਰਕੇ ਕੀਤੀ। ਬੁਲਾਰਿਆਂ ਨੇ ਅਜੋਕੇ ਸਮੇਂ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਚੁਣੌਤੀਆਂ, ਸਮਾਜ ਵਿੱਚ ਮੀਡੀਆ ਦੀ ਭੂਮਿਕਾ ਅਤੇ ਪੱਤਰਕਾਰ ਦੀ ਜ਼ਿੰਮੇਵਾਰੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਮਮਦੋਟ (ਪੱਤਰ ਪ੍ਰੇਰਕ): ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਅਤੇ ਕੌਮੀ ਪ੍ਰੈਸ ਦਿਵਸ ਨੂੰ ਸਾਂਝੇ ਤੌਰ ’ਤੇ ਪ੍ਰੈਸ ਕਲੱਬ ਮਮਦੋਟ ਦੇ ਦਫਤਰ ਵਿੱਚ ਮਨਾਇਆ ਗਿਆ। ਇਸ ਮੌਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਥਿੰਦ, ਚੇਅਰਮੈਨ ਜਸਬੀਰ ਸਿੰਘ ਕੰਬੋਜ, ਕਾਰਜਕਾਰਨੀ ਮੈਂਬਰ ਪੰਜਾਬ ਬਲਦੇਵ ਰਾਜ ਸ਼ਰਮਾ, ਜੋਗਿੰਦਰ ਸਿੰਘ ਭੋਲਾ, ਸੰਜੀਵ ਕੁਮਾਰ ਮੈਦਾਨ, ਸੰਦੀਪ ਸੋਨੀ ਅਤੇ ਨਿਸ਼ਾਨ ਸਿੰਘ ਹਾਜ਼ਰ ਹੋਏ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਇਥੇ ਰਾਸ਼ਟਰੀ ਪ੍ਰੈੱਸ ਦਿਵਸ ਮੌਕੇ ‘ਚੇਂਜਿੰਗ ਨੇਚਰ ਆਫ ਮੀਡੀਆ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਉੜੀਸਾ ਦੇ ਸਾਬਕਾ ਰਾਜਪਾਲ ਪ੍ਰੋ. ਗਣੇਸ਼ੀਲਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਸਮਾਜ ਦੀ ਬਿਹਤਰੀ ਲਈ ਹਰ ਕਿਸੇ ਦੀ ਆਪਣੀ ਭੂਮਿਕਾ ਹੁੰਦੀ ਹੈ। ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਗਿਆ ਹੈ, ਇਸ ਲਈ ਸਮਾਜ ਭਲਾਈ ਵਿੱਚ ਉਨ੍ਹਾਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ ਮੀਡੀਆ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਡਿਜੀਟਲ ਪਲੈਟਫਾਰਮਾਂ ਦੇ ਉਭਾਰ ਨੇ ਰਵਾਇਤੀ ਭੂਗੋਲਿਕ ਰੁਕਾਵਟਾਂ ਨੂੰ ਤੋੜਦੇ ਹੋਏ ਖ਼ਬਰਾਂ ਦੀ ਪਹੁੰਚ ਦਾ ਅਸੀਮ ਕੀਤੀ ਹੈ।