ਲਖਵੀਰ ਸਿੰਘ ਚੀਮਾ
ਟੱਲੇਵਾਲ, 2 ਮਈ
ਪਿੰਡ ਪੱਖੋਕੇ/ਮੱਲੀਆਂ ਸਹਿਕਾਰੀ ਸਭਾ ਘਪਲੇਬਾਜ਼ੀ ਦੇ ਮਾਮਲੇ ਵਿੱਚ ਇਨਸਾਫ ਨਾ ਮਿਲਣ ਕਾਰਨ ਪੀੜਤ ਕਿਸਾਨਾਂ ਅਤੇ ਖਾਤਾਧਾਰਕਾਂ ਨੇ ਰੋਸ ਵਜੋਂ ਮਾਰਚ ਕੱਢਿਆ ਗਿਆ। ਇਸ ਮੌਕੇ ਸੰਘਰਸ਼ ਕਮੇਟੀ ਦੇ ਮੈਂਬਰ ਨੰਬਰਦਾਰ ਹਰਮੇਲ ਸਿੰਘ, ਗੁਰਚਰਨ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ ਧਾਲੀਵਾਲ ਅਤੇ ਬਲਵੀਰ ਚੰਦ ਨੇ ਕਿਹਾ ਕਿ ਪੱਖੋਕੇ ਸੁਸਾਇਟੀ ਦੇ ਸਕੱਤਰ ਗੁਰਚਰਨ ਸਿੰਘ ਵਲੋਂ 900 ਤੋਂ ਵੱਧ ਕਾਪੀ ਧਾਰਕਾਂ ਨਾਲ 9 ਕਰੋੜ ਦੀ ਵੱਡੀ ਠੱਗੀ ਮਾਰੀ ਗਈ ਸੀ ਜਿਸਦਾ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਸਕੱਤਰ ਖ਼ਿਲਾਫ਼ ਮਾਮਲਾ ਤਾਂ ਦਰਜ ਹੋ ਗਿਆ ਸੀ ਪਰ ਪੁਲੀਸ ਪ੍ਰਸ਼ਾਸਨ ਨੇ ਵੀ ਪੀੜਤਾਂ ਦਾ ਕੋਈ ਚੰਗਾ ਸਾਥ ਨਹੀਂ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਸਬੰਧਤ ਵਿਭਾਗ ਦੇ ਏਆਰ ਦੀ ਬਦਲੀ ਵੀ ਕਰ ਦਿੱਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਮਾਮਲੇ ਵਿੱਚ ਇਨਸਾਫ਼ ਲਈ ਬੇਨਤੀ ਕੀਤੀ ਹੈ। ਪ੍ਰਦਰਸ਼ਨਕਾਰੀ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜਲਦ ਇਨਸਾਫ਼ ਜਲਦ ਨਹੀਂ ਮਿਲਿਆ ਤਾਂ ਏਆਰ ਦਫਤਰ ਵਿੱਚ ਪੱਕਾ ਮੋਰਚਾ ਲਗਾਇਆ ਜਾਵੇਗਾ। ਰੋਸ ਮਾਰਚ ਕੱਢਣ ਤੋਂ ਬਾਅਦ ਪੱਖੋਕੇ ਸੁਸਾਇਟੀ ਅੱਗੇ ਸੈਕਟਰੀ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ।