ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 14 ਅਗਸਤ
ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਥਾਣਾ ਲੱਖੇਵਾਲੀ ’ਚ ਦੋ ਕਰੋੜ ਰੁਪਏ ਨਾਲ ਬਣੇ ਥਾਣੇ ਦੀ ਇਮਾਰਤ ਦਾ ਉਦਘਾਟਨ ਕੀਤਾ ਅਤੇ ਇਸਦੇ ਨਾਲ ਹੀ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿੱਚ ਐੱਮਐੱਚਸੀ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ ਤਾਂ ਜੋ ਇੱਥੇ ਮਰੀਜ਼ਾਂ ਨੂੰ ਇਲਾਜ ਕਰਵਾਉਣ ਸਬੰਧੀ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਇਸਦੇ ਨਾਲ ਉਨ੍ਹਾਂ ‘ਆਸ਼ੀਰਵਾਦ ਹਸਪਤਾਲ’ ਵਿੱਚ ਜਨਮ-ਮੌਤ ਸਰਟੀਫਿਕੇਟ ਆਨਲਾਈਨ ਜਾਰੀ ਕਰਨ ਦੇ ਕੰਮ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਐੱਮਕੇ ਅਰਵਿੰਦ ਕੁਮਾਰ, ਐੱਸਐੱਸਪੀ ਡੀ. ਸੁਡਰਵਿਲੀ, ਕਰਨ ਕੌਰ ਬਰਾੜ ਸਾਬਕਾ ਵਿਧਾਇਕ, ਹਰਚਰਨ ਸਿੰਘ ਸੋਥਾ, ਕੌਂਸਲ ਪ੍ਰਧਾਨ ਕ੍ਰਿਸ਼ਨ ਲਾਲ ਸ਼ਮੀ ਤੇਰੀਆ, ਭੀਨਾ ਬਰਾੜ, ਹਨੀ ਫੱਤਣ ਵਾਲਾ ਆਦਿ ਮੌਜੂਦ ਸਨ। ਇਸ ਮੌਕੇ ਉਨ੍ਹਾਂ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀ ਸੰਧਿਆਂ ’ਤੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਲੋਕਾਂ ਨੂੰ ਇਹ ਦਿਹਾੜਾ ਸ਼ਰਧਾ ਭਾਵਨਾ ਅਤੇ ਸਾਦੇ ਢੰਗ ਨਾਲ ਮਨਾਉਣ ਦੀ ਅਪੀਲ ਕੀਤੀ।
ਵਿਧਾਇਕ ਆਵਲਾ ਨੇ ਨਵੇਂ ਵਾਟਰ ਵਰਕਸ ਦਾ ਨੀਂਹ ਪੱਥਰ ਰੱਖਿਆ
ਜਲਾਲਾਬਾਦ (ਨਿੱਜੀ ਪੱਤਰ ਪ੍ਰੇਰਕ): ਪਿੰਡਾਂ ’ਚ ਵਾਟਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਹਲਕਾ ਵਿਧਾਇਕ ਰਮਿੰਦਰ ਆਵਲਾ ਵਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨਾਲ ਮਿਲਕੇ ਵਾਟਰ ਸਪਲਾਈ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਸਡੀਐੱਮ ਰਵਿੰਦਰ ਸਿੰਘ, ਨਗਰ ਕੌਂਸਲ ਪ੍ਰਧਾਨ ਵਿਕਾਸਦੀਪ ਚੌਧਰੀ, ਸ਼ਹਿਰੀ ਪ੍ਰਧਾਨ ਦਰਸ਼ਨ ਵਾਟਸ, ਸਰਪੰਚ ਬੂਟਾ ਸਿੰਘ, ਸਰਪੰਚ ਗੁਰਮੁੱਖ ਸਿੰਘ, ਸਰਪੰਚ ਰਵਿੰਦਰ ਸਿੰਘ, ਕੁਲਵੰਤ ਸਿਘ ਨੰਬਰਦਾਰ, ਰਤਨ ਸਿੰਘ ਚੇਅਰਮੈਨ, ਸੁਭਾਸ਼ ਸਿੰਘ ਵਾਈਸ ਚੇਅਰਮੈਨ, ਚੰਨ ਸਿੰਘ ਅਤੇ ਹੋਰ ਆਗੂ ਮੌਜੂਦ ਸਨ। ਇਸ ਮੌਕੇ ਵਿਧਾਇਕ ਨੇ ਦੱਸਿਆ ਕਿ 42.35 ਲੱਖ ਰੁਪਏ ਦੀ ਲਾਗਤ ਨਾਲ ਢਾਣੀ ਨੱਥਾ ਸਿਘ ’ਚ ਵਾਟਰ ਸਪਲਾਈ ਦਾ ਕੰਮ ਆਰੰਭ ਕੀਤਾ ਗਿਆ ਹੈ, ਜਿਸ ’ਚ ਵਾਟਰ ਵਰਕਸ, ਵਾਟਰ ਬਾਕਸ ਤੇ ਪਾਈਪਲਾਈਨ ਪਾਈ ਜਾਵੇਗੀ ਅਤੇ ਜਲਦੀ ਹੀ ਵਾਟਰ ਸਪਲਾਈ ਦਾ ਕੰਮ ਮੁਕੰਮਲ ਹੋਣ ’ਤੇ ਢਾਣੀ ਨੱਥਾ ਸਿੰਘ ਦੇ ਲੋਕਾਂ ਨੂੰ ਪਾਣੀ ਵਾਲੇ ਪਾਣੀ ਤੋਂ ਆ ਰਹੀ ਸਮੱਸਿਆ ਤੋਂ ਨਿਜਾਤ ਮਿਲੇਗੀ।
ਵਿਧਾਇਕ ਘੁਬਾਇਆ ਨੇ ਪਿੰਡ ਦੋਨਾ ਸਿੰਕਦਰੀ ’ਚ ਨੀਂਹ ਪੱਥਰ ਰੱਖਿਆ
ਫਾਜ਼ਿਲਕਾ (ਪਰਮਜੀਤ ਸਿੰਘ): ਸੂਬਾ ਸਰਕਾਰ ਲੋਕਾਂ ਨੂੰ ਹਰ ਪੱਖੋਂ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਕਰਵਾਉਣ ਲਈ ਵਚਨਬੱਧ ਹੈ। ਲੋਕਾਂ ਨੂੰ ਸਿਹਤ ਪੱਖੋਂ ਮਜ਼ਬੂਤ ਰੱਖਣ ਲਈ ਸ਼ੁੱਧ ਖਾਣਾ-ਪੀਣਾ ਮੁਹੱਈਆ ਕਰਵਾਉਣ ਲਈ ਹਰੇਕ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਬਲਾਕ ਫਾਜ਼ਿਲਕਾ ਦੇ ਪਿੰਡ ਦੋਨਾ ਸਿੰਕਦਰੀ ਉਰਫ ਨਵਾਂ ਮੌਜਮ ਵਿੱਚ 43.93 ਲੱਖ ਰੁਪਏ ਦੀ ਲਾਗਤ ਦੇ ਨਵੇਂ ਵਾਟਰ ਵਰਕਸ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।