ਇਕਬਾਲ ਸਿੰਘ ਸ਼ਾਂਤ
ਲੰਬੀ, 13 ਸਤੰਬਰ
ਡੱਬਵਾਲੀ-ਮਲੋਟ ਰੋਡ ਦੇ ਛੇ ਮਾਰਗੀਕਰਨ ਤਹਿਤ ਬੰਦੇ ਖਾਣੀਆਂ ਨਹਿਰ ’ਤੇ ਪੁਲ ਉਸਾਰੀ ਲਈ ਪਿੱਲਰ ਟੈਸਟਿੰਗ ਦੌਰਾਨ ਨਹਿਰ ਕੰਢਿਓਂ ਕੰਧ (ਸਲੈਬ) ਦੇ ਨਾਲ ਤੱਕ ਮਿੱਟੀ ਖੁਰਚ ਦਿੱਤੀ ਗਈ। ਇਸ ਕਾਰਨ ਨਹਿਰ ਦੀ ਕੰਧ ਵਿੱਚੋਂ ਪਾਣੀ ਰਿਸਣ ਲੱਗ ਪਿਆ। ਇਸ ਕਾਰਨ ਟੈਸਟਿੰਗ ਵਾਲੇ ਟੋਏ ’ਚ ਪਾਣੀ ਭਰਨ ਲੱਗ ਗਿਆ ਤੇ ਨਹਿਰੀ ਅਮਲੇ ਵਿੱਚ ਭਾਜੜ ਪੈ ਗਈ।
ਸਿੰਚਾਈ ਵਿਭਾਗੀ ਨੇ ਸਖ਼ਤ ਰੁੱਖ ਅਪਣਾਉਂਦੇ ਹੋਏ ਕਾਰਜ ਰੁਕਵਾ ਦਿੱਤਾ ਹੈ। ਮਾਮਲਾ ਭਖਣ ’ਤੇ ਠੇਕੇਦਾਰ ਕੰਪਨੀ ਨੇ ਜੇਸੀਬੀ ਨਾਲ ਮਿੱਟੀ ਭਰ ਦਿੱਤੀ। ਨਹਿਰ ਦੇ ਬੇਲਦਾਰ ਰਾਜ ਕੁਮਾਰ ਮਾਹੂਆਣਾ ਨੇ ਕਿਹਾ ਕਿ ਠੇਕੇਦਾਰਾਂ ਵੱਲੋਂ ਕਈ ਵਾਰ ਨਹਿਰ ਕੰਢਿਓਂ ਮਿੱਟੀ ਪੁੱਟਣ ਕਰਕੇ ਲੀਕੇਜ ਹੋਈ ਹੈ ਅਤੇ ਅੱਜ ਮਿੱਟੀ ਪੁੱਟਣ ਕਰਕੇ ਪਾੜ ਪੈ ਗਿਆ। ਸਿੰਚਾਈ ਵਿਭਾਗ ਦੇ ਜੇਈ ਪਵਨ ਬਿਸ਼ਨੋਈ ਨੇ ਕਿਹਾ ਕਿ ਠੇਕੇਦਾਰ ਕੰਪਨੀ ਵੱਲੋਂ ਪਿੱਲਰ ਟੈਸਟਿੰਗ ਲਈ ਮਿੱਟੀ ਪੁੱਟੇ ਜਾਣ ਕਰਕੇ ਨਹਿਰ ਦੀ ਬੁਰਜੀ ਨੰਬਰ 3,71000 ਆਰਡੀ ਦੀ ਸਲੈਬ ’ਚ ਕਰੀਬ 10-15 ਤਰੇੜਾਂ ਪੈ ਗਈਆਂ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਕੰਮ ਨਾ ਰੁਕਵਾਇਆ ਜਾਂਦਾ ਤਾਂ ਨਹਿਰ ’ਚ ਪਾੜ ਪੈ ਜਾਣਾ ਸੀ। ਪਹਿਲਾਂ ਵੀ ਕਰੀਬ ਦਸ ਵਾਰ ਠੇਕੇਦਾਰ ਕੰਪਨੀ ਨੂੰ ਤਾਕੀਦ ਕੀਤੀ ਗਈ ਹੈ। ਹੁਣ ਠੇਕੇਦਾਰ ਨੇ ਵਿਭਾਗ ਦੀ ਜਾਇਦਾਦ ਨੂੰ ਕਥਿਤ ਤੌਰ ’ਤੇ ਨੁਕਸਾਨ ਪਹੁੰਚਾਇਆ ਹੈ।
ਨਹਿਰ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ: ਐੱਸਡੀਓ
ਐੱਸਡੀਓ ਰਾਜਿੰਦਰ ਕੁਮਾਰ ਨੇ ਕਿਹਾ ਕਿ ਨਹਿਰ ਚ ਕੋਈ ਪਾੜ ਨਹੀਂ ਪਿਆ ਅਤੇ ਨਾ ਹੀ ਨਹਿਰ ਨੂੰ ਕੋਈ ਨੁਕਸਾਨ ਪੁੱਜਿਆ ਹੈ। ਠੇਕੇਦਾਰ ਵੱਲੋਂ ਪੁਲ ਨਿਰਮਾਣ ਲਈ ਪਾਣੀ ਪਾ ਕੇ ਪਿੱਲਰ ਫਾਊਂਡੇਸ਼ਨ ਦੀ ਟੈਸਟਿੰਗ ਕੀਤੀ ਜਾ ਰਹੀ ਸੀ ਅਤੇ ਵਿਭਾਗ ਤੋਂ ਐਨਓਸੀ ਲਈ ਹੋਈ ਹੈ। ਉਨ੍ਹਾਂ ਕਿਹਾ ਕਿ ਅਮਲੇ ਨੇ ਘਬਰਾਹਟ ’ਚ ਇਸ ਪਾੜ ਸਮਝ ਲਿਆ। ਉਨ੍ਹਾਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ।