ਮੁੱਖ ਅੰਸ਼
- ਅਗਾਮੀ ਦਿਨਾਂ ’ਚ ਕਿਸੇ ਰਾਜਸੀ ਧਿਰ ’ਚ ਸ਼ਾਮਲ ਹੋਣ ਦਾ ਕਰ ਸਕਦੇ ਨੇ ਐਲਾਨ
- ਮੋਦੀ ਦੀ ਰੈਲੀ ’ਚ ਸਾਮਲ ਹੋਣ ਦੀਆਂ ਚਰਚਾਵਾਂ ਨੂੰ ਬੇਬੁਨਿਆਦ ਦੱਸਿਆ
ਨਿੱਜੀ ਪੱਤਰ ਪ੍ਰੇਰਕ
ਮੋਗਾ, 2 ਜਨਵਰੀ
ਮੋਗਾ ਸ਼ਹਿਰੀ ਹਲਕੇ ਤੋਂ ਚੋਣ ਲੜ ਰਹੀ ਆਪਣੀ ਭੈਣ ਮਾਲਵਿਕਾ ਸੂਦ ਜ਼ਰੀਏ ਸਿਆਸੀ ਪਾਰੀ ਸ਼ੁਰੂ ਕਰਨ ਦਾ ਐਲਾਨ ਕਰ ਚੁੱਕੇ ਬੌਲੀਵੁੱਡ ਅਦਾਕਾਰ ਸੋਨੂੰ ਸੂਦ ਦੁਚਿਤੀ ’ਚ ਹਨ। ਉਨ੍ਹਾਂ ਨੇ ਫਿਲਹਾਲ ਆਪਣੇ ਸਿਆਸੀ ਪੱਤੇ ਨਹੀਂ ਖੋਲ੍ਹੇ ਤੇ ਫੈਸਲਾ ਗੁਪਤ ਰੱਖਿਆ ਹੈ।
ਮੋਗਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਰਾਜਨੀਤੀ ’ਚ ਆਉਣ ਦੇ ਸਵਾਲ ਉੱਤੇ ਇਕ ਵਾਰ ਫਿਰ ਕਿਹਾ ਕਿ ਉਹ ਰਾਜਨੀਤੀ ਵਿੱਚ ਨਹੀਂ ਆ ਰਹੇ ਹਨ। ਉਨ੍ਹਾਂ ਦੀ ਭੈਣ ਮਾਲਵਿਕਾ ਰਾਜਨੀਤੀ ਵਿੱਚ ਹੈ। ਉਨ੍ਹਾਂ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ’ਚ ਸਾਮਲ ਹੋਣ ਦੀਆਂ ਚਰਚਾਵਾਂ ਨੂੰ ਵੀ ਬੇਬੁਨਿਆਦ ਕਰਾਰ ਦਿੱਤਾ। ਉਹ ਅਗਾਮੀਂ ਵਿਧਾਨ ਸਭਾ ਚੋਣਾਂ ਲੜਨ ਲਈ ਇਕ ਹਫ਼ਤੇ ਤੱਕ ਆਪਣੀ ਚੋਣ ਰਣਨੀਤੀ ਅਤੇ ਸਿਆਸੀ ਪਾਰਟੀ ਸਬੰਧੀ ਐਲਾਨ ਕਰ ਸਕਦੇ ਹਨ। ਉਨ੍ਹਾਂ ਆਖਿਆ ਕਿ ਸਿਆਸੀ ਪਾਰਟੀ ਵਿਚ ਸ਼ਾਮਲ ਹੋ ਕੇ ਉਹ ਕਿਸੇ ਵੀ ਵਿਰੋਧੀ ਧਿਰ ਦੀ ਆਲੋਚਨਾ ਨਹੀਂ ਕਰਨਗੇ ਕਿਉਂਕਿ ਉਹ ਸਮਾਜ ਸੇਵਾ ਨੂੰ ਸਮਰਪਿਤ ਹਨ।
ਉਨ੍ਹਾਂ ਨੇ ਓਮੀਕਰੋਨ ਦੇ ਖ਼ਤਰਿਆਂ ਤੋਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਜੇਕਰ ਮੁੜ ਕੋਈ ਬਿਪਤਾ ਪੈਂਦੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਅੱਜ 10 ਲੋੜਵੰਦਾਂ ਨੂੰ ਈ-ਰਿਕਸ਼ਾ ਦਾਨ ਕਰਕੇ ਭਲਕੇ 4 ਜਨਵਰੀ ਨੂੰ ਆਂਗਣਵਾੜੀ ਵਰਕਰਾਂ ਨੂੰ 1000 ਸਾਈਕਲ ਵੰਡਣ ਬਾਰੇ ਦੱਸਿਆ।