ਪੱਤਰ ਪ੍ਰੇਰਕ
ਮਾਨਸਾ, 31 ਅਕਤੂਬਰ
ਮਜ਼੍ਹਬੀ ਸਿੱਖ/ਬਾਲਮੀਕ ਮੁਲਾਜ਼ਮ ਮਜ਼ਦੂਰ ਏਕਤਾ ਫਰੰਟ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਾਜ ਵਿੱਚ ਨੌਕਰੀਆਂ ਦੀ ਰਾਖਵੇਂਕਰਨ ਦਾ ਲਾਭ ਲੈ ਕੇ ਕਈ ਲੋਕ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਸਮੇਤ ਹੋਰ ਰਾਖਵੀਂਆਂ ਸੀਟਾਂ ਲਈ ਜਾਅਲੀ ਪ੍ਰਮਾਣ ਸਰਟੀਫਿਕੇਟ ਬਣਾ ਕੇ ਨੌਕਰੀਆਂ ਹਾਸਲ ਕੀਤੀਆਂ ਜਾ ਰਹੀਆਂ ਹਨ, ਇਸ ਦੀ ਤੁਰੰਤ ਪੜਤਾਲ ਕਰਵਾਉਣ ਦੀ ਲੋੜ ਹੈ। ਵਧੀਕ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਵਿੱਚ ਪੰਜਾਬ ਸਰਕਾਰ ਨੂੰ ਕਿਹਾ ਗਿਆ ਹੈ ਕਿ ਰਾਜ ਵਿੱਚ ਅਜਿਹੇ ਜਾਅਲੀ ਸਰਟੀਫਿਕੇਟਾਂ ਆਸਰੇ ਭਰਤੀ ਹੋਣ ਵਾਲਿਆਂ ਖਿਲਾਫ਼ ਅਤੇ ਅਜਿਹੇ ਜਾਅਲੀ ਸਰਟੀਫਿਕੇਟ ਬਣਾਉਣ ਵਾਲਿਆਂ ਖਿਲਾਫ਼ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਫਰੰਟ ਦੇ ਸੀਨੀਅਰ ਮੀਤ ਪ੍ਰਧਾਨ ਜੋਧ ਸਿੰਘ ਦੀ ਅਗਵਾਈ ਹੇਠ ਦਿੱਤੇ ਗਏ ਮੰਗ ਪੱਤਰ ਵਿੱਚ ਕਿਹਾ ਕਿ ਅਜਿਹੀ ਪੜਤਾਲ ਲੰਬੇ ਸਮੇਂ ਤੋਂ ਨਹੀਂ ਹੋਈ ਹੈ, ਜਿਸ ਦੀ ਆੜ ਹੇਠ ਹੁਣ ਵੱਧ ਹੋਏ ਹੌਸਲਿਆਂ ਨਾਲ ਅਨੇਕਾਂ ਨੌਜਵਾਨ, ਅਸਲੀ ਬੇਰੁਜ਼ਗਾਰਾਂ ਦਾ ਹੱਕ ਮਾਰਕੇ ਨੌਕਰੀਆਂ ਲੈਣ ਵਿੱਚ ਸਫ਼ਲ ਹੋ ਗਏ ਹਨ। ਜੇਕਰ ਨਿਯਮਾਂ ਅਨੁਸਾਰ ਛਾਣਬੀਣ ਨਾ ਕੀਤੀ ਗਈ ਅਤੇ ਅਸਲ ਉਮੀਦਵਾਰਾਂ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਪੰਜਾਬ ਪੱਧਰ ’ਤੇ ਵੱਡੀ ਲਾਮਬੰਦੀ ਕਰਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।