ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 8 ਸਤੰਬਰ
ਪਿੰਡ ਜੋਧਪੁਰ ਰੋਮਾਣਾ ਵਿੱਚ ਖੇਤੀ ਵਿਭਾਗ ਨੇ ਗੁਲਾਬੀ ਸੁੰਡੀ ਨਾਲ ਪ੍ਰਭਾਵਤ ਰਕਬੇ ਵਿੱਚ ਦਵਾਈ ਦਾ ਛਿੜਕਾਅ ਸ਼ੁਰੂ ਕੀਤਾ। ਪਿਛਲੇ ਦਿਨੀਂ ਨਰਮੇ ਦੀ ਫਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ ਸੀ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਇਸ ਸਬੰਧੀ ਖੇਤੀਬਾੜੀ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਸੀ। ਮਗਰੋਂ ਖੇਤੀਬਾੜੀ ਅਧਿਕਾਰੀਆਂ ਵੱਲੋਂ ਕਿਸਾਨਾਂ ਦੇ ਖੇਤਾਂ ਵਿਚ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਸੀ ਜਿਸ ਦੌਰਾਨ ਕਿਸਾਨਾਂ ਵੱਲੋਂ ਖੇਤੀਬਾੜੀ ਅਧਿਕਾਰੀਆਂ ਦਾ ਘਿਰਾਓ ਵੀ ਕੀਤਾ ਗਿਆ ਸੀ। ਮਗਰੋਂ ਅਨਿਰੁਧ ਤਿਵਾੜੀ ਵਧੀਕ ਮੁੱਖ ਸਕੱਤਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ . ਸੁਖਦੇਵ ਸਿੰਘ ਸਿੱਧੂ , ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੀਪੀ ) ਪੰਜਾਬ ਦੀ ਅਗਵਾਈ ਹੇਠ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਟੀਮ ਨੇ 3 ਸਤੰਬਰ ਨੂੰ ਖੇਤਾਂ ਦਾ ਦੌਰਾ ਕੀਤਾ। ਇਸ ਦੌਰਾਨ ਫੈਸਲਾ ਲਿਆ ਗਿਆ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਮਹਿਕਮੇ ਵੱਲੋਂ ਪ੍ਰਭਾਵਿਤ ਰਕਬੇ ’ਤੇ ਡੇਲਟਾ ਮੈਥਰੀਨ 2.8 ਈਸੀ ਦੀ ਸਪਰੇਅ ਯੂਪੀਐੱਲ ਕੰਪਨੀ ਵਾਲੀਆਂ ਮਸ਼ੀਨਾਂ ਨਾਲ ਕਰਵਾਈ ਜਾਵੇਗੀ । ਖੇਤੀਬਾੜੀ ਮਹਿਕਮੇ ਵੱਲੋ ਮੁਫਤ ਦਵਾਈ ਅਤੇ ਯੂ.ਪੀ.ਐਲ. ਕੰਪਨੀ ਵੱਲੋਂ ਮਸ਼ੀਨਾਂ ਭੇਜੀਆਂ ਜਾਣਗੀਆਂ। ਡਾ . ਬਹਾਦਰ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੇ ਦੱਸਿਆ ਕਿ 7 ਸਤੰਬਰ ਤੋਂ ਮੌਸਮ ਸਾਫ ਹੋਣ ਤੋਂ ਬਾਅਦ ਸਪਰੇਅ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਅੱਜ 4 ਮਸ਼ੀਨਾਂ ਅਤੇ ਖੇਤੀਬਾੜੀ ਮਹਿਕਮੇ ਦਾ ਸਟਾਫ , ਕਿਸਾਨਾਂ ਦੇ ਖੇਤਾਂ ਵਿੱਚ ਸਪਰੇਅਕਰਵਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਇਕਬਾਲ ਸਿੰਘ ਸਰਪੰਚ ਜੋਧਪੁਰ ਰੋਮਾਣਾ ਅਤੇ ਪਿੰਡ ਦੇ ਸਹਿਯੋਗੀ ਕਿਸਾਨ ਚਰਨਜੀਤ ਸਿੰਘ, ਸੁਖਪਾਲ ਸਿੰਘ , ਬਲਜਿੰਦਰ ਸਿੰਘ ਅਤੇ ਹੋਰ ਕਿਸਾਨਾਂ ਨੇ ਮਹਿਕਮੇ ਦੇ ਕੀਤੇ ਪ੍ਰਬੰਧਾਂ ਤੋਂ ਸੰਤੁਸ਼ਟੀ ਪ੍ਰਗਟਾਈ । ਇਹ ਕੰਮ ਦੋ ਦਿਨਾਂ ਦੇ ਅੰਦਰ -2 ਨੇਪਰੇ ਚਾੜ੍ਹ ਦਿੱਤਾ ਜਾਵੇਗਾ । ਡਾ , ਬਹਾਦਰ ਸਿੰਘ ਸਿੱਧੂ , ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦਾ ਧੰਨਵਾਦ ਕੀਤਾ।