ਲਖਵਿੰਦਰ ਸਿੰਘ
ਮਲੋਟ, 8 ਜੂਨ
ਦੋਦਾ ਰਜਬਾਹੇ ’ਚ ਸਿੰਜਾਈ ਲਈ ਪੂਰਾ ਪਾਣੀ ਨਾ ਮਿਲਣ ਕਰਕੇ ਅੱਜ ਕਰੀਬ ਅੱਧੀ ਦਰਜਨ ਪਿੰਡਾਂ ਵਾਦੀਆਂ, ਰਾਮਨਗਰ, ਸਾਉਂਕੇ, ਔਲਖ ਅਤੇ ਘੁਮਿਆਰਾਂ ਦੇ ਕਿਸਾਨਾਂ ਵੱਲੋਂ ਮਲੋਟ-ਸ੍ਰੀ ਮੁਕਤਸਰ ਸਾਹਿਬ ਹਾਈਵੇਅ ’ਤੇ ਸਥਿਤ ਜੌੜੇ ਪੁਲਾਂ ’ਤੇ ਧਰਨਾ ਲਾ ਕੇ ਨਹਿਰੀ ਵਿਭਾਗ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਗਿਆ ਅਤੇ ਕਈ ਘੰਟੇ ਆਵਾਜਾਈ ਬੰਦ ਰੱਖੀ। ਗੱਲਬਾਤ ਕਰਦਿਆਂ ਬਲਜੀਤ ਸਿੰਘ ਬਲਾਕ ਪ੍ਰਧਾਨ ਬੀਕੇਯੂ ਸਿੱਧੂਪੁਰ, ਗੁਰਜੰਟ ਸਿੰਘ ਸਾਊਂਕੇ, ਜਗਮੀਤ ਸਿੰਘ ਝੋਰੜ ਅਤੇ ਗੋਰਾ ਸਿੰਘ ਬਲਾਕ ਪ੍ਰਧਾਨ ਗਿੱਦੜਬਾਹਾ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਨਹਿਰੀ ਪਾਣੀ ਨੂੰ ਤਰਸ ਰਹੇ ਹਨ, ਉਨ੍ਹਾਂ ਕਈ ਵਾਰ ਆਪਣੀ ਸਮੱਸਿਆ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਦੱਸੀ ਪਰ ਕਿਸੇ ਦੇ ਕੰਨ ’ਤੇ ਜੂੰ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਉਕਤ ਰਜਬਾਹਾ ਉਨ੍ਹਾਂ ਦੇ ਪਿੰਡਾਂ ਕੋਲੋਂ ਉੱਚਾ ਹੈ, ਜਿਸ ਕਰਕੇ ਉਨ੍ਹਾਂ ਦੇ ਖੇਤਾਂ ਤੱਕ ਪਾਣੀ ਪਹੁੰਚਦਾ ਹੀ ਨਹੀਂ, ਜੇਕਰ ਕਦੇ ਪਹੁੰਚਦਾ ਵੀ ਹੈ ਤਾਂ ਬਹੁਤ ਘੱਟ। ਧਰਨੇ ‘ਤੇ ਬੈਠੇ ਕਿਸਾਨਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਰਜਬਾਹੇ ਦਾ ਬੈਡ ਪੱਟ ਕੇ ਲੈਵਲ ਬਰਾਬਰ ਕੀਤਾ ਜਾਵੇ। ਪੁਲੀਸ ਪ੍ਰਸ਼ਾਸਨ ਵੱਲੋਂ ਧਰਨੇ ਦੇ ਮੱਦੇਨਜ਼ਰ ਰੂਟ ਬਦਲੇ ਗਏ। ਓਧਰ ਮੌਕੇ ‘ਤੇ ਪਹੁੰਚੇ ਨਹਿਰੀ ਵਿਭਾਗ ਦੇ ਐਸਡੀਓ ਬਲਵਿੰਦਰ ਕੁਮਾਰ ਕੰਬੋਜ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਵਾਰੀਬੰਦੀ ਮੌਕੇ ਰਜਬਾਹੇ ਦਾ ਲੈਵਲ ਬਰਾਬਰ ਕਰ ਦਿੱਤਾ ਜਾਵੇਗਾ, ਤਦ ਤੱਕ ਉਹ ਟੇਲਾਂ ਤੱਕ ਖੁੱਲ੍ਹਾਂ ਪਾਣੀ ਪਹੁੰਚਾਣਗੇ। ਇਸ ਭਰੋਸੇ ਉਪਰੰਤ ਕਿਸਾਨਾਂ ਨੇ ਧਰਨਾ ਖਤਮ ਕਰਕੇ ਆਵਾਜਾਈ ਬਹਾਲ ਕਰ ਦਿੱਤੀ।
ਮੁਕਤਸਰ ਜ਼ਿਲ੍ਹੇ ਵਿੱਚ ਛੇ ਸੜਕਾਂ ’ਤੇ ਆਵਾਜਾਈ ਠੱਪ ਕੀਤੀ, ਲੋਕ ਪ੍ਰੇਸ਼ਾਨ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਪੰਜਾਬ ਸਰਕਾਰ ਨੇ ਝੋਨੇ ਦੀ ਬਿਜਾਈ 10 ਜੂਨ ਤੋਂ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ ਜਿਸ ਕਰਕੇ ਕੱਸੀਆਂ ‘ਚ ਪਾਣੀ ਦੀ ਸਪਲਾਈ ਬੰਦ ਹੈ ਪਰ ਇਸ ਬੰਦੀ ਕਾਰਣ ਝੋਨੇ ਦੀ ਪਨੀਰੀ, ਮੂੰਗੀ ਤੇ ਪੱਠੇ ਵੀ ਸੁੱਕ ਰਹੇ ਹਨ| ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕੱਸੀਆਂ ਵਿੱਚ ਪਾਣੀ ਛੱਡਿਆ ਜਾਵੇ ਤਾਂ ਜੋ ਕਿ ਉਹ ਆਪਣੀਆਂ ਫਸਲਾਂ ਪਾਲ ਸਕਣ| ਹੁਣ ਇਸ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤ ਸਿੱਧੂਪੁਰ ਵੱਲੋਂ ਮੁਕਤਸਰ ਜ਼ਿਲ੍ਹੇ ਵਿੱਚ ਛੇ ਥਾਈਂ ਸੜਕੀ ਆਵਾਜਾਈ ਠੱਪ ਕੀਤੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਬੂੜਾ ਗੁੱਜਰ ਨੇ ਦੱਸਿਆ ਕਿ ਮੁਕਤਸਰ-ਫਿਰੋਜ਼ਪੁਰ ਸੜਕ ਉਪਰ ਪਿੰਡ ਲਬਾਨਿਆਂ ਵਾਲੀ, ਜਲਾਲਾਬਾਦ ਰੋਡ ’ਤੇ ਪਿੰਡ ਵਧਾਈ, ਡੱਬਵਾਲੀ ਰੋਡ ‘ਤੇ ਲੰਬੀ, ਮਲੋਟ ਰੋਡ ‘ਤੇ ਔਲਖ ਅਤੇ ਗਿਦੜਬਾਹਾ-ਮਲੋਟ ਰੋਡ ‘ਤੇ ਪਿੰਡ ਥੇੜੀ ਕੋਲ ਸੜਕੀ ਆਵਾਜਾਈ ਠੱਪ ਕਰਕੇ ਰੋਸ ਜਾਹਿਰ ਕਰਦਿਆਂ ਸਰਕਾਰ ਪਾਸੋਂ 10 ਜੂਨ ਤੋਂ ਪਹਿਲਾਂ ਪਾਣੀ ਕੱਸੀਆਂ ‘ਚ ਛੱਡਣ ਦੀ ਮੰਗ ਕੀਤੀ ਹੈ| ਉਨ੍ਹਾਂ ਕਿਹਾ ਕਿ ਜਦੋਂ ਤੱਕ ਪਾਣੀ ਕੱਸੀਆਂ ‘ਚ ਨਹੀਂ ਛੱਡਿਆ ਜਾਂਦਾ ਉਹ ਆਪਣਾ ਧਰਨਾ ਜਾਰੀ ਰੱਖਣਗੇ| ਇਨ੍ਹਾਂ ਧਰਨਿਆਂ ਕਾਰਣ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ|